ਮਾਨਚੈਸਟਰ, ਸਤੰਬਰ 2019-(ਏਜੰਸੀ )- ਯੂਵੈਂਟਸ ਦੇ ਸਟਾਰ ਕ੍ਰਿਸਟਿਆਨੋ ਰੋਨਾਲਡੋ ਨੇ ਸਵੀਕਾਰ ਕੀਤਾ ਹੈ ਕਿ ਉਹ ਉਸ ਸਮੇਂ ‘ਸ਼ਰਮਸਾਰ’ ਮਹਿਸੂਸ ਕਰ ਰਿਹਾ ਸੀ, ਜਦੋਂ ਆਪਣੇ ਪਰਿਵਾਰ ਨੂੰ ਇਨ੍ਹਾਂ ਦੋਸ਼ਾਂ ਤੋਂ ਬਚਾਉਣ ਦਾ ਯਤਨ ਕਰ ਰਿਹਾ ਸੀ ਕਿ ਉਸ ਨੇ ਅਮਰੀਕਾ ਵਿੱਚ ਔਰਤ ਨਾਲ ਬਲਾਤਕਾਰ ਕੀਤਾ ਹੈ।
ਕੈਥਰੀਨ ਮੇਯੋਰਗਾ ਨੇ ਰੋਨਾਲਡੋ ’ਤੇ ਜੂਨ 2009 ਵਿੱਚ ਲਾਸ ਵੇਗਾਸ ਦੇ ਹੋਟਲ ਵਿੱਚ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਪੰਜ ਵਾਰ ਦੇ ਚੈਂਪੀਅਨਜ਼ ਲੀਗ ਦੇ ਜੇਤੂ ਪੁਰਤਗਾਲ ਦੇ ਇਸ ਫਾਰਵਰਡ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। 10 ਸਾਲ ਪਹਿਲਾਂ ਇਸ ਮਾਮਲੇ ਦੀ ਜਾਂਚ ਨੂੰ ਬੰਦ ਕਰ ਦਿੱਤਾ ਗਿਆ ਸੀ। ਅਗਸਤ 2018 ਵਿੱਚ ਇਸ ਮਾਮਲੇ ਨੂੰ ਜਾਂਚ ਲਈ ਮੁੜ ਖੋਲ੍ਹਿਆ ਗਿਆ, ਜਿਸ ਮਗਰੋਂ ਸਤੰਬਰ ਵਿੱਚ ਕੈਥਰੀਨ ਨੇ ਦੀਵਾਨੀ ਮਾਮਲਾ ਦਾਖ਼ਲ ਕਰਵਾਇਆ ਅਤੇ ਉਹ ਜਾਣਕਾਰੀਆਂ ਦੇਣ ਦੀ ਪੇਸ਼ਕਸ਼ ਕੀਤੀ, ਜੋ ਉਸ ਨੇ ਪਹਿਲਾਂ ਸਾਂਝੀਆਂ ਨਹੀਂ ਕੀਤੀਆਂ ਸਨ।
ਇਸਤਗਾਸਾ ਪੱਖ ਨੇ ਹਾਲਾਂਕਿ ਇਸ ਸਾਲ ਜੁਲਾਈ ਵਿੱਚ ਐਲਾਨ ਕੀਤਾ ਕਿ ਉਹ ਇਸ ਮਾਮਲੇ ਨੂੰ ਅੱਗੇ ਨਹੀਂ ਵਧਾਉਣਗੇ ਕਿਉਂਕਿ ਇਹ ਦੋਸ਼ ਸ਼ੱਕ ਤੋਂ ਅੱਗੇ ਸਾਬਤ ਨਹੀਂ ਹੁੰਦੇ। ਮੈਨਚੈਸਟਰ ਯੂਨਾਈਟਿਡ ਦੇ ਸਾਬਕਾ ਸਟਾਰ ਰੋਨਾਲਡੋ ਨੇ ਕਿਹਾ ਕਿ ਇਸ ਮਾਮਲੇ ਦਾ ਉਸ ’ਤੇ ਮਾਨਸਿਕ ਅਸਰ ਪਿਆ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਖ਼ਬਰਾਂ ਤੋਂ ਬਚਾਉਣ ਦਾ ਯਤਨ ਕਰ ਰਿਹਾ ਸੀ।
ਰੋਨਾਲਡੋ ਨੇ ਪੀਅਰਸ ਮੌਰਗਨ ਨੂੰ ‘ਗੁੱਡ ਮੌਰਨਿੰਗ ਬ੍ਰਿਟੇਨ’ ਲਈ ਦਿੱਤੀ ਇੱਕ ਇੰਟਰਵਿਊ ਦੌਰਾਨ ਕਿਹਾ, ‘‘ਇੱਕ ਦਿਨ ਮੈਂ ਘਰ ਵਿੱਚ ਟੈਲੀਵਿਜ਼ਨ ਵੇਖ ਰਿਹਾ ਸੀ, ਜਿਸ ’ਤੇ ਮੇਰੇ ਇਸ ਮਾਮਲੇ ਸਬੰਧੀ ਖ਼ਬਰ ਚੱਲ ਰਹੀ ਸੀ। ਉਸ ਦੌਰਾਨ ਮੈਨੂੰ ਆਪਣੇ ਬੱਚਿਆਂ ਦੇ ਪੌੜੀਆਂ ਤੋਂ ਉਤਰਨ ਦੀ ਆਵਾਜ਼ ਸੁਣਾਈ ਦਿੱਤੀ ਅਤੇ ਮੈਂ ਚੈਨਲ ਬਦਲ ਦਿੱਤਾ ਕਿਉਂਕਿ ਮੈਂ ਸ਼ਰਮਸਾਰ ਸੀ।’’ ਉਸ ਨੇ ਕਿਹਾ, ‘‘ਮੈਂ ਚੈਨਲ ਬਦਲਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਕ੍ਰਿਸਟਿਆਨੋ ਜੂਨੀਅਰ ’ਤੇ ਇਸ ਦਾ ਗ਼ਲਤ ਪ੍ਰਭਾਵ ਪਵੇ।’’