ਵਾਸ਼ਿੰਗਟਨ, ਅਪ੍ਰੈਲ 2020 -(ਏਜੰਸੀ)-
ਅਮਰੀਕਾ 'ਚ ਕੋਰੋਨਾ ਵਾਇੜਸ ਦੇ ਸੰਕ੍ਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 32 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੀ ਸੂਚੀ ਅਨੁਸਾਰ, ਇੱਥੇ ਬੀਤੇ 24 ਘੰਟਿਆਂ 'ਚ 4491 ਮੌਤਾਂ ਹੋਈਆਂ ਜੋ ਹੁਣ ਤਕ ਇਕ ਦਿਨ ਵਿਚ ਕੋਰੋਨਾ ਵਾਇਰਸ ਨਾਲ ਕਿਸੇ ਵੀ ਦੇਸ਼ ਵਿਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ ਹਨ। ਅਮਰੀਕਾ 'ਚ ਹੁਣ ਤਕ ਕੋਵਿਡ-19 ਦੇ ਸੰਕ੍ਰਮਣ ਨਾਲ 32,917 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਭਾਵਨਾ ਪ੍ਰਗਟਾਈ ਕਿ ਅਮਰੀਕਾ 'ਚ ਮਹਾਮਾਰੀ ਦਾ ਸਭ ਤੋਂ ਬੁਰਾ ਦੌਰ ਬੀਤ ਚੁੱਕਾ ਹੈ ਤੇ ਜਲਦ ਹੀ ਉਦਯੋਗ-ਧੰਦਿਆਂ ਨੂੰ ਸ਼ੁਰੂ ਕਰਨ ਦੀ ਇਕ ਰਣਨੀਤੀ ਤਿਆਰ ਕੀਤੀ ਜਾਵੇਗੀ।
ਇਸ ਹਫ਼ਤੇ ਨਿਊਯਾਰਕ ਸ਼ਹਿਰ ਨੇ ਐਲਾਨ ਕੀਤਾ ਕਿ ਉਹ ਆਪਣੀ ਸੂਚੀ 'ਚ 3,778 'ਸੰਭਾਵਿਤ' ਕੋਰੋਨਾ ਵਾਇਰਸ ਮੌਤਾਂ ਨੂੰ ਜੋੜ ਦੇਵੇਗਾ। ਵੀਰਵਾਰ ਦੀ ਰਾਤ ਤਕ, ਅਮਰੀਕਾ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਨੇ 31,071 ਕੋਰੋਨਾ ਮੌਤਾਂ ਦਰਜ ਕੀਤੀ ਆਂ ਸੀ ਜਿਨ੍ਹਾਂ ਵਿਚੋਂ 4,141 'ਸੰਭਾਵਿਤ' ਵਾਇਰਸ ਮੌਤਾਂ ਸਨ। ਕੋਰੋਨਾ ਵਾਇਰਸ ਸੰਕ੍ਰਮਣ ਨਾਲ ਅਮਰੀਕਾ 'ਚ ਦੁਨੀਆ 'ਚ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਇਸ ਸੂਚੀ 'ਚ ਦੂਸਰੇ ਨੰਬਰ 'ਤੇ ਇਟਲੀ ਹੈ, ਜਿੱਥੇ ਹੁਣ ਤਕ 22,170 ਲੋਕ ਮਾਰੇ ਗਏ ਹਨ। ਹਾਲਾਂਕਿ, ਇਟਲੀ ਦੀ ਆਬਾਦੀ ਅਮਰੀਕਾ ਨਾਲੋਂ ਕਾਫ਼ੀ ਘੱਟ ਹੈ। ਉੱਥੇ ਹੀ ਸਪੇਨ 'ਚ 19,130 ਮੌਤਾਂ ਦਰਜ ਕੀਤੀਆਂ ਗਈਆਂ ਹਨ, ਇਸ ਤੋਂ ਬਾਅਦ ਫਰਾਂਸ 'ਚ 17,920 ਲੋਕ ਮਾਰੇ ਗਏ ਹਨ।
ਸੰਯੁਕਤ ਰਾਜ ਅਮਰੀਕਾ 'ਚ 6,67,800 ਤੋਂ ਜ਼ਿਆਦਾ ਕੋਰਨਾ ਵਾਇਰਸ ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿਚ ਪਿਛਲੇ ਦੋ ਦਿਨਾਂ 'ਚ ਮੌਤਾਂ ਦੀ ਰਿਕਾਰਡ ਗਿਣਤੀ ਦੇਖੀ ਗਈ ਹੈ। ਦੇਸ਼ ਦੇ ਕੋਵਿਡ-19 ਮਹਾਮਾਰੀ ਦੇ ਕੇਂਦਰ ਨਿਊਯਾਰਕ 'ਚ 12,000 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਅਰਥਚਾਰੇ ਨੂੰ ਰਫ਼ਤਾਰ ਦੇਣ ਲਈ ਵੀਰਵਾਰ ਸ਼ਾਮ ਯੋਜਨਾਵਾਂ ਦਾ ਖੁਲਾਸਾ ਕੀਤਾ ਜਿਸ ਨਾਲ ਹਰੇਕ ਸੂਬੇ ਦੇ ਰਾਜਪਾਲ ਨੂੰ 'ਆਪਣੇ ਨਿੱਜੀ ਸੂਬਿਆਂ ਨੂੰ ਮੁੜ ਖੋਲ੍ਹਣ ਲਈ ਇਕ ਲੜੀਬੱਧ ਦ੍ਰਿਸ਼ਟੀਕੋਣ ਲੈਣ' ਦੀ ਇਜਾਜ਼ਤ ਮਿਲੀ।