You are here

ਭਾਰਤ 'ਚ ਫਸੇ ਬਰਤਾਨਵੀ ਨਾਗਰਿਕਾਂ ਨੂੰ ਲਿਆਉਣ ਲਈ ਇਕ ਦਰਜਨ ਹੋਰ ਉਡਾਣਾਂ

ਲੰਡਨ ਦਿੱਲੀ, ਅਪ੍ਰੈਲ 2020 (ਏਜੰਸੀ)

ਕੋਰੋਨਾ ਵਾਇਰਸ ਇਨਫੈਕਸ਼ਨ ਰੋਕਣ ਲਈ ਲਾਗੂ ਲਾਕਡਾਊਨ ਕਾਰਨ ਭਾਰਤ ਵਿਚ ਫਸੇ 3,000 ਤੋਂ ਜ਼ਿਆਦਾ ਬਰਤਾਨਵੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵਾਧੂ 12 ਚਾਰਟਰ ਜਹਾਜ਼ ਭੇਜੇ ਜਾਣਗੇ। ਬਰਤਾਨਵੀ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਵਾਧੂ ਜਹਾਜ਼ਾਂ ਦੀ ਯੋਜਨਾ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤੀ ਗਈ ਹੈ। ਇਸ ਵਿਚ ਪੰਜਾਬ, ਗੁਜਰਾਤ, ਬੰਗਾਲ ਅਤੇ ਦੱਖਣੀ ਭਾਰਤ ਸ਼ਾਮਲ ਹਨ। ਪਿਛਲੇ ਹਫ਼ਤੇ ਗੋਆ, ਮੁੰਬਈ ਅਤੇ ਨਵੀਂ ਦਿੱਲੀ ਤੋਂ ਸੱਤ ਚਾਰਟਰ ਉਡਾਣਾਂ ਦਾ ਐਲਾਨ ਕੀਤਾ ਗਿਆ ਸੀ। ਇਸੇ ਤਰ੍ਹਾਂ 19 ਉਡਾਣਾਂ ਤੋਂ ਵਾਪਸ ਲਿਆਂਦੇ ਗਏ ਲੋਕਾਂ ਦੀ ਗਿਣਤੀ 5,000 ਦੇ ਆਸਪਾਸ ਹੋ ਜਾਵੇਗੀ।

ਦੱਖਣੀ ਏਸ਼ੀਆ ਲਈ ਵਿਦੇਸ਼ ਅਤੇ ਰਾਸ਼ਟਰਮੰਡਲ ਦਫ਼ਤਰ (ਐੱਫਸੀਓ) ਵਿਚ ਵਿਦੇਸ਼ ਅਤੇ ਰਾਸ਼ਟਰਮੰਡਲ ਮੰਤਰੀ ਤਾਰਿਕ ਅਹਿਮਦ ਨੇ ਕਿਹਾ, 'ਭਾਰਤ ਵਿਚ ਫਸੇ ਹਜ਼ਾਰਾਂ ਬਰਤਾਨਵੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਵਿਚ ਅਸੀਂ ਲੱਗੇ ਹਾਂ। ਇਹ ਵੱਡੀ ਅਤੇ ਮੁਸ਼ਕਲ ਮੁਹਿੰਮ ਹੈ ਜਿਸ ਵਿਚ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਹੈ ਤਾਂ ਕਿ ਇਨ੍ਹਾਂ ਜਹਾਜ਼ਾਂ ਤਕ ਪਹੁੰਚਣ ਲਈ ਭਾਰਤ ਦੇ ਅੰਦਰ ਆਪਣੇ ਲੋਕਾਂ ਨੂੰ ਯਾਤਰਾ ਕਰਵਾਈ ਜਾ ਸਕੇ।'

ਬਰਤਾਨਵੀ ਮੰਤਰੀ ਨੇ ਗੋਆ ਤੋਂ ਵੀਰਵਾਰ ਨੂੰ ਬਰਤਾਨੀਆ ਦੇ ਸਟੈਂਸਟੇਡ ਹਵਾਈ ਅੱਡੇ ਤਕ 317 ਲੋਕਾਂ ਦੇ ਪਹੁੰਚਣ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਹਫ਼ਤੇ ਤਕ ਨਵੀਂ ਦਿੱਲੀ ਅਤੇ ਮੁੰਬਈ ਤੋਂ 1400 ਹੋਰ ਲੋਕਾਂ ਦਾ ਪਹੁੰਚਣਾ ਤੈਅ ਹੈ।

ਅਗਲੇ ਹਫ਼ਤੇ ਲੰਡਨ ਲਈ ਜਿਨ੍ਹਾਂ 12 ਉਡਾਣਾਂ ਦੀ ਯੋਜਨਾ ਬਣਾਈ ਗਈ ਹੈ, ਉਨ੍ਹਾਂ ਵਿਚ ਅੰਮਿ੍ਤਸਰ ਤੋਂ 13, 17 ਅਤੇ 19 ਅਪ੍ਰੈਲ ਨੂੰ, ਅਹਿਮਦਾਬਾਦ ਤੋਂ 13 ਅਤੇ 15 ਅਪ੍ਰੈਲ ਨੂੰ, ਗੋਆ ਤੋਂ 14 ਤੇ 16 ਅਪ੍ਰੈਲ ਨੂੰ ਅਤੇ ਇਕ ਵਾਧੂ ਵਾਇਆ ਮੁੰਬਈ 18 ਅਪ੍ਰੈਲ ਨੂੰ, ਤਿਰੂਵਨੰਤਪੁਰਮ ਤੋਂ ਵਾਇਆ ਕੋਚੀ 15 ਅਪ੍ਰੈਲ ਨੂੰ, ਹੈਦਰਾਬਾਦ ਤੋਂ ਵਾਇਆ ਅਹਿਮਦਾਬਾਦ 17 ਅਪ੍ਰੈਲ ਨੂੰ, ਕੋਲਕਾਤਾ ਤੋਂ ਵਾਇਆ ਦਿੱਲੀ 19 ਅਪ੍ਰੈਲ ਨੂੰ ਅਤੇ ਚੇਨਈ ਤੋਂ ਵਾਇਆ ਬੈਂਗਲੁਰੂ 20 ਅਪ੍ਰੈਲ ਨੂੰ ਜਹਾਜ਼ ਰਵਾਨਾ ਹੋਣਗੇ।