ਲੰਡਨ ਅਪ੍ਰੈਲ 2020 (ਗਿਆਨੀ ਰਵਿੰਦਰਪਾਲ ਸਿੰਘ ) : ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਹਾਲਤ ਵਿਚ ਹੁਣ ਸੁਧਾਰ ਹੋ ਰਿਹਾ ਹੈ। ਉਹ ਉੱਥੇ ਇਕ ਹਸਪਤਾਲ ਦੇ ਬਾਗ 'ਚ ਸੈਰ ਕਰ ਕੇ, ਫਿਲਮਾਂ ਦੇਖ ਕੇ, ਸੁਡੋਕੋ ਖੇਡ ਕੇ ਅਤੇ ਪਹੇਲੀਆਂ ਸੁਲਝਾ ਕੇ ਸਮਾਂ ਬਿਤਾ ਰਹੇ ਹਨ। ਲੰਡਨ ਦੇ ਸੇਂਟ ਥਾਮਸ ਹਸਪਤਾਲ ਵਿਚ ਭਰਤੀ ਜੌਨਸਨ ਦੀ ਸਿਹਤ 'ਤੇ ਡਾਕਟਰ ਨੇੜਿਉਂ ਨਜ਼ਰ ਰੱਖ ਰਹੇ ਹਨ। 'ਡਾਊਨਿੰਗ ਸਟ੍ਰੀਟ' ਦੇ ਇਕ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਆਰਾਮ ਕਰਨ ਦੌਰਾਨ ਕੁਝ ਦੇਰ ਤਕ ਸੈਰ ਕਰਨ ਦੇ ਸਮਰੱਥ ਹਨ। ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਆਪਣੇ ਡਾਕਟਰਾਂ ਨਾਲ ਗੱਲ ਕੀਤੀ ਅਤੇ ਆਪਣੀ ਦੇਖਭਾਲ ਕਰਨ ਵਾਲੀ ਪੂਰੀ ਟੀਮ ਦਾ ਸ਼ੁੱਕਰੀਆ ਅਦਾ ਕੀਤਾ। ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ ਲੋਕਾਂ ਨਾਲ ਉਨ੍ਹਾਂ ਹਮਦਰਦੀ ਪ੍ਰਗਟ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜੌਨਸਨ ਦੀ ਸਿਹਤ ਦੇ ਬਾਰੇ ਵਿਚ ਹਸਪਤਾਲ ਹੁਣ ਦਿਨ ਵਿਚ ਕੇਵਲ ਇਕ ਵਾਰ ਜਾਣਕਾਰੀ ਦੇਵੇਗਾ। 'ਦ ਟਾਈਮਜ਼' ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਜੌਨਸਨ ਦੀ ਸਿਹਤ ਵਿਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਉਹ ਹਸਪਤਾਲ ਦੇ ਬਿਸਤਰੇ 'ਤੇ ਲੇਟ ਕੇ 'ਲਾਰਡ ਆਫ ਦ ਰਿੰਗਸ' ਅਤੇ 'ਵਿਦਨੇਲ ਐਂਡ ਆਈ' ਵਰਗੀਆਂ ਫਿਲਮਾਂ ਦੇਖ ਰਹੇ ਹਨ ਅਤੇ ਸੁਡੋਕੋ ਖੇਡ ਰਹੇ ਹਨ। ਡਾਊਨਿੰਗ ਸਟ੍ਰੀਟ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਜੌਨਸਨ ਨੂੰ ਉਨ੍ਹਾਂ ਦੀ ਗਰਭਵਤੀ ਮੰਗੇਤਰ ਕੈਰੀ ਸਾਈਮੰਡਸ ਸਮੇਤ ਕਿਸੇ ਨਾਲ ਮਿਲਣ ਦੀ ਅਜੇ ਵੀ ਇਜਾਜ਼ਤ ਦਿੱਤੀ ਗਈ ਹੈ ਜਾਂ ਨਹੀਂ, ਪ੍ਰੰਤੂ ਲੋਕਾਂ ਨੇ ਉਨ੍ਹਾਂ ਨੂੰ ਹਜ਼ਾਰਾਂ ਕਾਰਡ ਭੇਜੇ ਹਨ ਜਿਨ੍ਹਾਂ ਵਿਚ ਉਨ੍ਹਾਂ ਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਗਈ ਹੈ। ਜੌਨਸਨ ਨੂੰ ਵੀਰਵਾਰ ਨੂੰ ਆਈਸੀਯੂ ਤੋਂ ਹਸਪਤਾਲ ਦੇ ਵਾਰਡ ਵਿਚ ਲਿਆਇਆ ਗਿਆ ਸੀ। ਜੌਨਸਨ ਦੇ ਪਿਤਾ ਸਟੈਨਲੀ ਜੌਨਸਨ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਰਾਹਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੂੰ ਆਰਾਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਸਾਰਿਆਂ ਦੇ ਭਲੇ ਲਈ ਕਠਿਨਾਈਆਂ ਦਾ ਸਾਹਮਣਾ ਕੀਤਾ।