ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-
ਕੋਵਿਡ-19 ਦੇ ਚੱਲਦਿਆਂ ਓਟ ਕਲੀਨਿਕਾਂ ਵਿਚ ਵੱਧ ਰਹੇ ਰਸ਼ ਦੇ ਮੱਦੇਨਜ਼ਰ ਜ਼ਿਲੇ ਵਿਚ ਮੋਬਾਈਲ ਓਟ ਕਲੀਨਿਕ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਪ੍ਰਜੈਕਟ ਦੀ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂਆਤ ਸੀ. ਐਚ. ਸੀ ਕਾਲਾ ਸੰਘਿਆਂ ਦੇ ਓਟ ਕਲੀਨਿਕ ਤੋਂ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਸਟਾਫ, ਦਵਾਈਆਂ, ਡਾਟਾ ਐਂਟਰੀ ਆਪਰੇਟਰ ਅਤੇ ਹੋਰ ਸਾਜ਼ੋ-ਸਾਮਾਨ ਨਾਲ ਲੈਸ ਵਿਸ਼ੇਸ਼ ਵੈਨ ਓਟ ਕਲੀਨਿਕ ਦੇ ਨਾਲ ਲੱਗਦੇ ਪਿੰਡਾਂ ਵਿਚ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਪਿੰਡਾਂ ਲਈ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਅਤੇ ਇਸ ਲਈ ਹਫ਼ਤੇ ਦੇ ਚਾਰ ਦਿਨ ਨਿਰਧਾਰਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਹ ਵੈਨ ਇਕ ਦਿਨ ਵਿਚ ਤਿੰਨ ਜਾਂ ਚਾਰ ਪਿੰਡ ਕਵਰ ਕਰੇਗੀ। ਉਨਾਂ ਦੱਸਿਆ ਕਿ ਇਹ ਵੈਨ ਸਵੇਰੇ 8 ਵਜੇ ਸੀ. ਐਚ. ਸੀ ਕਾਲਾ ਸੰਘਿਆਂ ਤੋਂ ਸਬੰਧਤ ਪਿੰਡਾਂ ਲਈ ਰਵਾਨਾ ਹੋਵੇਗੀ ਅਤੇ ਇਸ ਨੇ ਜਿਸ ਵੀ ਪਿੰਡ ਵਿਚ ਜਾਣਾ ਹੋਵੇਗਾ, ਉਸ ਬਾਰੇ ਸਬੰਧਤ ਪਿੰਡ ਦੇ ਸਰਪੰਚ ਅਤੇ ਪੰਚਾਇਤ ਸਕੱਤਰ ਨੂੰ ਅਗਾੳੂਂ ਸੂਚਨਾ ਦੇ ਦਿੱਤੀ ਜਾਵੇਗੀ, ਤਾਂ ਜੋ ਉਹ ਸਾਰੇ ਪ੍ਰਬੰਧ ਕਰ ਸਕਣ। ਉਨਾਂ ਦੱਸਿਆ ਕਿ ਇਹ ਵੈਨ ਮੰਗਲਵਾਰ ਨੂੰ ਸੰਧੂ ਚੱਠਾ, ਜੱਲੋਵਾਲ, ਖੁਸਰੋਪੁਰ ਅਤੇ ਸਿੱਧਵਾਂ ਦੋਨਾ ਜਾਵੇਗੀ। ਇਸੇ ਤਰਾਂ ਬੁੱਧਵਾਰ ਨੂੰ ਬਨਵਾਲੀਪੁਰ, ਕੁਲਾਰ, ਕਾਹਲਵਾਂ ਅਤੇ ਥਿਗਲੀ, ਸ਼ੁੱਕਰਵਾਰ ਨੂੰ ਸਿਆਲ, ਭਾਣੋਲੰਗਾ, ਤੋਗਾਂਵਾਲ ਤੇ ਮੋਠਾਂਵਾਲ ਅਤੇ ਸਨਿੱਚਰਵਾਰ ਨੂੰ ਸੇਚਾਂ, ਲਾਟੀਆਂਵਾਲ ਤੇ ਤੋਤੀ ਪਿੰਡ ਜਾਵੇਗੀ। ਉਨਾਂ ਦੱਸਿਆ ਕਿ ਇਹ ਵੈਨ ਹਰੇਕ ਪਿੰਡ ਵਿਚ ਨਿਰਧਾਰਤ ਕੀਤੇ ਗਏ ਸਥਾਨ ’ਤੇ ਵੱਧ ਤੋਂ ਵੱਧ ਦੋ ਘੰਟੇ ਰੁਕੇਗੀ ਅਤੇ ਪਹਿਲਾਂ ਤੋਂ ਰਜਿਸਟਰਡ ਮਰੀਜ਼ਾਂ ਨੂੰ ਇਲਾਜ ਮੁਤਾਬਿਕ ਸੱਤ ਦਿਨ ਦੀ ਦਵਾਈ ਮੁਹੱਈਆ ਕਰਵਾਏਗੀ। ਉਨਾਂ ਦੱਸਿਆ ਕਿ ਸੋਮਵਾਰ ਅਤੇ ਵੀਰਵਾਰ ਨੂੰ ਟੀਮ ਆਪਣੇ ਸਬੰਧਤ ਹੈੱਡ ਕੁਆਰਟਰ ’ਤੇ ਰਹੇਗੀ ਅਤੇ ਸਟਾਕ ਆਦਿ ਦੇ ਲੋੜੀਂਦੇ ਇੰਤਜ਼ਾਮ ਕਰੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਾਜੈਕਟਰ ਦੇ ਕੋਆਰਡੀਨੇਟਰ ਅਤੇ ਇੰਚਾਰਜ ਡਾ. ਸੰਦੀਪ ਭੋਲਾ ਹੋਣਗੇ। ਉਨਾਂ ਦੱਸਿਆ ਕਿ ਇਸ ਦੀ ਕਾਮਯਾਬੀ ਨੂੰ ਦੇਖਦਿਆਂ ਬਾਅਦ ਵਿਚ ਬਾਕੀ ਰਸ਼ ਵਾਲੇ ਓਟ ਕਲੀਨਿਕਾਂ ਵਿਚ ਵੀ ਇਹ ਪ੍ਰਾਜੈਕਟ ਚਲਾਇਆ ਜਾਵੇਗਾ।
ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।