You are here

ਪੰਜਾਬ 'ਚ ਕੋਰੋਨਾ ਨਾਲ 11ਵੀਂ ਮੌਤ, 15 ਹੋਰ ਪਾਜ਼ੀਟਿਵ, 130 ਪਹੁੰਚੀ ਗਿਣਤੀ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਪੰਜਾਬ 'ਚ ਕੋਰੋਨਾ ਨਾਲ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਲੰਧਰ 'ਚ ਇਕ ਕਾਂਗਰਸੀ ਨੇਤਾ ਦੇ ਪਿਤਾ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ ਜਦਕਿ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮੰਗਲਵਾਰ ਦੇਰ ਰਾਤ ਦਮ ਤੋੜਨ ਵਾਲੀ ਬਰਨਾਲਾ ਦੀ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤਰ੍ਹਾਂ ਸੂਬੇ 'ਚ ਕੋਰੋਨਾ ਨਾਲ ਕੁੱਲ 11 ਲੋਕ ਦਮ ਤੋੜ ਚੁੱਕੇ ਹਨ। ਵੀਰਵਾਰ ਨੂੰ ਕੁੱਲ 15 ਪਾਜ਼ੀਟਿਵ ਕੇਸ ਪਾਏ ਗਏ, ਜਿਨ੍ਹਾਂ 'ਚ ਅੱਠ ਤਬਲੀਗੀ ਜਮਾਤ ਤੋਂ ਪਰਤੇ ਲੋਕਾਂ ਦੇ ਸੰਪਰਕ 'ਚ ਆਏ ਸਨ। ਸੂਬੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 130 ਹੋ ਗਈ ਹੈ।

ਸੰਗਰੂਰ 'ਚ ਪਹਿਲਾ ਪਾਜ਼ੀਟਿਵ ਕੇਸ ਮਿਲਣ ਤੋਂ ਬਾਅਦ ਸੂਬੇ ਦੇ 22 ਜ਼ਿਲ੍ਹਿਆਂ 'ਚੋਂ 17 ਕੋਰੋਨਾ ਪ੍ਰਭਾਵਿਤ ਹੋ ਗਏ ਹਨ। ਹੁਣ ਸਿਰਫ਼ ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਤਰਨਤਾਰਨ ਤੇ ਗੁਰਦਾਸਪੁਰ ਜ਼ਿਲ੍ਹੇ ਬਚੇ ਹਨ, ਜਿੱਥੇ ਕੋਈ ਪਾਜ਼ੀਟਿਵ ਕੇਸ ਨਹੀਂ ਹੈ। ਨਵੇਂ ਕੇਸਾਂ 'ਚ ਸੰਗਰੂਰ ਤੋਂ ਇਲਾਵਾ ਛੇ ਮਾਨਸਾ, ਤਿੰਨ ਜਲੰਧਰ, ਦੋ ਲੁਧਿਆਣਾ ਤੇ ਇਕ-ਇਕ ਅੰਮ੍ਰਿਤਸਰ, ਮੋਹਾਲੀ ਤੇ ਬਰਨਾਲਾ ਤੋਂ ਹਨ। ਸੂਬੇ 'ਚ ਹੁਣ ਤਕ 18 ਲੋਕ ਠੀਕ ਹੋ ਚੁੱਕੇ ਹਨ। ਜਲੰਧਰ ਦੇ ਕਾਂਗਰਸੀ ਨੇਤਾ ਦੀਪਕ ਦੇ ਪਿਤਾ ਪ੍ਰਵੀਨ ਕੁਮਾਰ ਦੀ ਰਿਪੋਰਟ ਬੁੱਧਵਾਰ ਨੂੰ ਪਾਜ਼ੀਟਿਵ ਆਈ ਸੀ, ਜਿਨ੍ਹਾਂ ਦੀ ਵੀਰਵਾਰ ਨੂੰ ਮੌਤ ਹੋ ਗਈ। ਦੀਪਕ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਦੇ ਕਰੀਬੀ ਸਨ ਤੇ ਕਰਫਿਊ 'ਚ ਰਾਸ਼ਨ ਵੀ ਵੰਡ ਰਹੇ ਸਨ। ਬਾਵਾ ਸਮੇਤ ਕੁਝ ਹੋਰ ਨੇਤਾ ਸੈਲਫ ਹੋਮ ਕੁਆਰੰਟਾਈਨ 'ਚ ਚਲੇ ਗਏ ਹਨ। ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮੰਗਲਵਾਰ ਦੇਰ ਰਾਤ ਦਮ ਤੋੜਨ ਵਾਲੀ ਬਰਨਾਲਾ ਦੀ 55 ਸਾਲਾ ਔਰਤ ਪਾਜ਼ੀਟਿਵ ਨਿਕਲੀ ਹੈ। ਉਸਨੂੰ ਛੇ ਅਪ੍ਰੈਲ ਨੂੰ ਸਾਹ ਚੜ੍ਹਨ ਤੇ ਛਾਤੀ 'ਚ ਦਰਦ ਦੀ ਸ਼ਿਕਾਇਤ 'ਤੇ ਦਾਖ਼ਲ ਕਰਾਇਆ ਗਿਆ ਸੀ। 

ਮਾਨਸਾ ਦੇ ਬੁਢਲਾਡਾ 'ਚ ਵੀਰਵਾਰ ਨੂੰ ਛੇ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ। ਮੁਸਲਮਾਨ ਪਰਿਵਾਰਾਂ ਦੇ ਇਹ ਲੋਕ ਦਿੱਲੀ ਦੇ ਨਿਜ਼ਾਮੁਦੀਨ ਤੋਂ ਪਰਤੇ ਤਬਲੀਗੀ ਜਮਾਤ ਦੇ ਲੋਕਾਂ ਦੇ ਸੰਪਰਕ 'ਚ ਆਏ ਸਨ। ਇਨ੍ਹਾਂ 'ਚ ਤਿੰਨ ਔਰਤਾਂ, ਇਕ ਮਰਦ ਤੇ ਦੋ 14 ਸਾਲਾ ਤੇ 12 ਸਾਲਾ ਲੜਕੇ ਹਨ। ਲੁਧਿਆਣਾ 'ਚ ਜਮਾਤੀਆਂ ਦੇ ਸੰਪਰਕ 'ਚ ਆਉਣ ਨਾਲ ਦੋ ਲੋਕ ਪਾਜ਼ੀਟਿਵ ਪਾਏ ਗਏ ਹਨ। ਸੂਬੇ 'ਚ ਜਮਾਤੀ ਜਾਂ ਉਨ੍ਹਾਂ ਦੇ ਸੰਪਰਕ 'ਚ ਆਉਣ ਨਾਲ ਕੁੱਲ ਪਾਜ਼ੀਟਿਵ 26 ਹੋ ਗਏ ਹਨ।

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ 24 ਸਾਲਾ ਨੌਜਵਾਨ ਪਾਜ਼ੀਟਿਵ ਪਾਇਆ ਗਿਆ ਹੈ। ਉਹ 19 ਮਾਰਚ ਨੂੰ ਇੰਗਲੈਂਡ ਤੋਂ ਪਰਤਿਆ ਸੀ। ਸੱਤ ਅਪ੍ਰੈਲ ਨੂੰ ਹਾਲਤ ਵਿਗੜਨ 'ਤੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਉਸਦੇ ਪਿਤਾ ਵੈਰੋਵਾਲ ਰੋਡ ਜੰਡਿਆਲਾ ਗੁਰੂ 'ਚ ਡੇਅਰੀ ਚਲਾਉਂਦੇ ਹਨ, ਜਿੱਥੇ ਲੋਕਾਂ ਦਾ ਇਕੱਠ ਰਹਿੰਦਾ ਸੀ। ਹੁਣ ਲੋਕਾਂ ਦੀ ਭਾਲ ਕਰ ਕੇ ਸੈਂਪਲ ਲਏ ਜਾ ਰਹੇ ਹਨ।

 

ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ-------ਪੌਜ਼ਿਟਿਵ---------ਮੌਤ

ਮੋਹਾਲੀ--------37-------------1

ਨਵਾਂਸ਼ਹਿਰ------19--------------1

ਅੰਮ੍ਰਿਤਸਰ------11---------------2

ਜਲੰਧਰ---------11---------------1

ਲੁਧਿਆਣਾ--------10--------------2

ਮਾਨਸਾ----------11--------------0

ਹੁਸ਼ਿਆਰਪੁਰ-------7---------------1

ਪਠਾਨਕੋਟ---------7---------------1

ਮੋਗਾ-------------4---------------0

ਰੂਪਨਗਰ----------3---------------1

ਬਰਨਾਲਾ-----------2--------------1

ਫਤਹਿਗੜ੍ਹ ਸਾਹਿਬ-----2--------------0

ਫਰੀਦਕੋਟ-----------2--------------0

ਪਟਿਆਲਾ-----------1---------------0

ਕਪੂਰਥਲਾ-----------1---------------0

ਮੁਕਤਸਰ------------1---------------0

ਸੰਗਰੂਰ-------------1---------------0

ਕੁੱਲ--------------130--------------11

 

ਠੀਕ ਹੋਏ - 18 , ਨਵੇਂ ਕੇਸ - 15, ਮੌਜੂਦਾ ਪੌਜ਼ਿਟਿਵ - 101