You are here

ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ 'ਚ ਫੈਕਟਰੀਆਂ ਨੂੰ ਕੁਝ ਸ਼ਰਤਾਂ ਨਾਲ ਖੋਲ੍ਹਣ ਦੀ ਮਨਜ਼ੂਰੀ 

ਚੰਡੀਗੜ੍ਹ ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕਰਫ਼ਿਊ ਕਾਰਨ ਸਾਰੇ ਕੰਮਕਾਜ ਅਤੇ ਫੈਕਟਰੀਆਂ ਬੰਦ ਹਨ। ਇਸ ਕਾਰਨ ਰਾਜ ਦੇ ਪ੍ਰਵਾਸੀ ਮਜ਼ਦੂਰ ਪਲਾਇਨ ਕਰ ਰਹੇ ਹਨ। ਇਸ ਪਲਾਇਨ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ 'ਚ ਫੈਕਟਰੀਆਂ ਨੂੰ ਕੁਝ ਸ਼ਰਤਾਂ ਨਾਲ ਖੋਲ੍ਹਣ ਅਤੇ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਦ ਦਿੱਤੀ ਹੈ।

ਸੁਰੱਖਿਅਤ ਮਾਹੌਲ ਦੀ ਸ਼ਰਤ 'ਤੇ ਉਦਯੋਗਾਂ, ਭੱਠੇ ਚਲਾਉਣ ਦੀ ਇਜਾਜ਼ਤ

ਕੋਵਿਡ19 ਕਾਰਨ 21 ਦਿਨਾਂ ਦੇ ਲਾਕਡਾਊਨ ਅਤੇ ਰਾਜ 'ਚ ਚੱਲ ਰਹੇ ਕਰਫ਼ਿਊ ਦੌਰਾਨ ਮਜ਼ਦੂਰਾਂ ਦੇ ਪਲਾਇਨ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਦੇਰ ਸ਼ਾਮ ਇਹ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਦੇਰ ਸ਼ਾਮ ਇਹ ਆਦੇਸ਼ ਜਾਰੀ ਕੀਤੇ। ਸਰਕਾਰ ਇਹ ਫ਼ੈਸਲਾ ਇਸ ਲਈ ਵੀ ਲੈ ਰਹੀ ਹੈ, ਕਿਉਂਕਿ ਅਗਲੇ ਮਹੀਨੇ ਤੋਂ ਕਣਕ ਦੀ ਵਾਢੀ ਸ਼ੁਰੂ ਹੋ ਰਹੀ ਹੈ। ਅਜਿਹੇ 'ਚ ਜੇਕਰ ਮਜ਼ਦੂਰ ਵਾਪਸ ਚਲੇ ਗਏ ਤਾਂ ਕਣਕ ਵੱਢਣ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਕੈਪਟਨ ਨੇ ਕਿਹਾ ਕਿ ਸਰਕਾਰ ਨੇ ਡੇਰਾ ਬਿਆਸ ਨਾਲ ਮਜ਼ਦੂਰਾਂ ਦੇ ਰੁਕਣ ਦਾ ਪ੍ਰਬੰਧ ਕਰਨ ਲਈ ਗੱਲਬਾਤ ਕੀਤੀ ਹੈ। ਡੇਰਾ ਬਿਆਸ ਨੇ ਆਪਣੇ ਭਵਨਾ ਨੂੰ ਆਈਸੋਲੇਸ਼ਨ ਸੈਂਟਰ ਬਦਲਣ ਦਾ ਆਫ਼ਰ ਦਿੱਤਾ ਸੀ।

ਮੁੱਖ ਮੰਤਰੀ ਨੇ ਆਦੇਸ਼ ਦਿੱਤਾ ਹੈ ਕਿ ਜੇਕਰ ਉਦਮੀ ਆਪਣੀ ਫੈਕਟਰੀ ਜਾਂ ਇੰਡਸਟਰੀ 'ਚ ਮਜ਼ਦੂਰਾਂ ਨੂੰ ਸੁਰੱਖਿਅਤ ਮਾਹੌਲ ਦੇ ਸਕਦੇ ਹਨ ਤਾਂ ਉਹ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ। ਇਸ ਫ਼ੈਸਲੇ 'ਚ ਇੱਟ ਭੱਠਾ ਉਦਯੋਗ ਵੀ ਸ਼ਾਮਲ ਹੋਵੇਗਾ। ਸਰਕਾਰ ਨੇ ਇਹ ਕਦਮ ਉਦੋਂ ਚੁੱਕਿਆ ਹੈ, ਜਦੀ ਦੋ ਦਿਨਾਂ ਤੋਂ ਰਾਜ 'ਚ ਕੋਰੋਨਾ ਵਾਇਰਸ ਨਾਲ ਪੀੜਤ ਕੋਈ ਵੀ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ। ਰਾਜ 'ਚ ਵਰਤਮਾਨ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 38 ਹੈ।

ਮਜ਼ਦੂਰ ਨਾ ਜਾਣ ਵਾਪਸ ਆਪਣੇ ਘਰ ਇਸ ਲਈ ਡੇਰਾ ਬਿਆਸ 'ਚ ਰਹਿਣ ਦਾ ਕਰੇਗੀ ਸਰਕਾਰ ਇੰਤਜ਼ਾਮ

ਉੱਥੇ, ਰਾਜ 'ਚੋਂ ਲਗਾਤਾਰ ਵਾਪਸ ਜਾ ਰਹੇ ਮਜ਼ਦੂਰਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਮਜ਼ਦੂਰਾਂ ਨੂੰ ਡੇਰਾ ਬਿਆਸ ਦੇ ਸਤਿਸੰਗ ਘਰਾਂ 'ਚ ਰੋਕਣ ਦਾ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਦਯੋਗਿਕ ਇਕਾਈਆ ਅਤੇ ਭੱਠਾ ਮਾਲਕਾਂ ਕੋਲ ਪ੍ਰਵਾਸੀ ਮਜ਼ਦੂਰਾਂ ਨੂੰ ਰੱਖਣ ਲਈ ਜਗ੍ਹਾ ਅਤੇ ਭੋਜਨ ਦੇਣ ਦੀ ਸਮਰੱਥਾ ਹੈ, ਤਾਂ ਉਹ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਇਕਾਈਆਂ ਦੇ ਮਾਲਕਾਂ ਨੂੰ ਇਸ ਸਮੇਂ ਦੌਰਾਨ ਸਰੀਰਕ ਦੂਰੀ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਕਿਹਾ।

ਇਨ੍ਹਾਂ ਸ਼ਰਤਾਂ 'ਤੇ ਮਿਲੇਗੀ ਛੋਟ

-ਜੇਕਰ ਉਦਯੋਗਿਕ ਇਕਾਈਆਂ ਅਤੇ ਭੱਠਾ ਮਾਲਕਾਂ ਕੋਲ ਮਜ਼ਦੂਰਾਂ ਨੂੰ ਰੱਖਣ ਲਈ ਜਗ੍ਹਾ ਤੇ ਭੋਜਨ ਦੇਣ ਦੀ ਸਮਰੱਥਾ ਹੋਵੇ।

-ਸਾਰੀਆਂ ਉਦਯੋਗਿਕ ਇਕਾਈਆਂ ਨੂੰ ਕੰਮ ਦੌਰਾਨ ਸਰੀਰਕ ਦੂਰੀ ਕਾਇਮ ਰੱਖਣ ਨੂੰ ਯਕੀਨੀ ਬਣਾਉਣਾ ਪਵੇਗਾ।

-ਮਜ਼ਦੂਰਾਂ ਲਈ ਸਾਫ਼-ਸਫ਼ਾਈ ਦੇ ਸਾਰੇ ਚੌਕਸੀ ਕਦਮ ਪੂਰੀ ਤਰ੍ਹਾਂ ਚੁੱਕਣੇ ਪੈਣਗੇ।

-ਜਨਤਕ ਥਾਵਾਂ 'ਤੇ ਸਫ਼ਾਈ ਅਤੇ ਵਰਕਰਾਂ ਲਈ ਸਾਬਣ ਅਤੇ ਖੁੱਲ੍ਹੇ ਪਾਣੀ ਦੇ ਪੁਖ਼ਤਾ ਪ੍ਰਬੰਧ ਕਰਨੇ ਪੈਣਗੇ।

-ਕੰਮ ਵਾਲੀ ਜਗ੍ਹਾ ਦੇ ਮੁੱਖ ਥਾਵਾਂ 'ਤੇ ਹੱਥ ਧੋਣ ਦੀ ਸੁਵਿਧਾ ਅਤੇ ਸੈਨੀਟਾਈਜ਼ਰ ਵੀ ਮੁਹੱਈਆ ਕਰਵਾਉਣਾ ਪਵੇਗਾ।

ਅਧਿਕਾਰੀਆਂ ਨੂੰ ਆਦੇਸ਼- ਭੋਜਨ ਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਨਾ ਹੋਵੇ

ਸਰਕਾਰ ਨੇ ਐਤਵਾਰ ਨੂੰ ਮਜ਼ਦੂਰਾਂ ਦੇ ਘਰ ਪਰਤਣ ਦੀ ਸਮੱਸਿਆ 'ਤੇ ਵੀ ਚਰਚਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਉਦਯੋਗ ਤੇ ਭੱਠਾ ਮਾਲਕਾਂ ਤੇ ਲਾਕਡਾਊਨ ਕਾਰਨ ਰੁਜ਼ਗਾਰ ਗੁਆ ਚੁੱਕੇ ਮਜ਼ਦੂਰਾਂ ਲਈ ਲਾਭਕਾਰੀ ਹੋਵੇਗਾ। ਕੈਪਟਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸੰਕਟ ਦੀ ਘੜੀ 'ਚ ਮਜ਼ਦੂਰਾਂ, ਦਿਹਾੜੀਦਾਰਾਂ ਨੂੰ ਭੋਜਨ ਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਨਾ ਹੋਵੇ। ਉੱਥੇ, ਕਿਰਤ ਵਿਭਾਗ ਨੇ ਉਦਯੋਗਾਂ ਨੂੰ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ ਕਿ ਮਜ਼ਦੂਰਾਂ ਨੂੰ ਨੌਕਰੀ ਤੋਂ ਨਾ ਹਟਾਉਣ ਅਤੇ ਉਨ੍ਹਾ ਦੀ ਤਨਖ਼ਾਹ 'ਚ ਕਟੌਤੀ ਨਾ ਕਰਨ।