ਬਰਨਾਲਾ/ਮਹਿਲ ਕਲਾਂ ,ਮਾਰਚ 2020-(ਗੁਰਸੇਵਕ ਸਿੰਘ ਸੋਹੀ)- ਲੋਕ ਭਲਾਈ ਵੈਲਫੇਅਰ ਸੁਸਾਇਟੀ (ਰਜਿ) ਮਹਿਲ ਕਲਾਂ ਵੱਲੋਂ ਕਰੋਨਾ ਵਾਇਰਸ ਕਾਰਨ ਬਜਾਰ 'ਚ ਮਾਸਕਾ ਦੀ ਪਾਈ ਜਾ ਰਹੀ ਭਾਰੀ ਘਾਟ ਨੂੰ ਦੇਖਦਿਆ ਘਰ 'ਚ ਮਾਸਕ ਤਿਆਰ ਕਰਕੇ ਲੋੜਵੰਦ ਲੋਕਾਂ ਨੂੰ ਮੁਫ਼ਤ ਮਾਸਕ ਵੰਡਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਸੁਸਾਇਟੀ ਵੱਲੋਂ ਆਪਣੇ ਘਰ ਚ ਹੱਥੀ ਮਾਸਕ ਤਿਆਰ ਕੀਤੇ ਗਏ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ. ਪਰਮਿੰਦਰ ਸਿੰਘ ਬੰਮਰਾਹ ਤੇ ਖਜਾਨਚੀ ਫਿਰੋਜ ਖਾਨ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਬਜਾਰ ਅੰਦਰ ਜਿਥੇ ਮਾਸਕਾ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ ਉਥੇ ਕਈ ਦੁਕਾਨਦਾਰਾ ਵੱਲੋਂ ਮਾਸਕਾ ਲਈ ਕਾਲਾਬਜਾਰੀ ਕੀਤੀ ਜਾ ਰਹੀ ਹੈ। ਜਿਸ ਕਾਰਨ ਕਈ ਲੋੜਵੰਦ ਪਰਿਵਾਰ ਮਾਸਕਾ ਤੋਂ ਵਾਂਝੇ ਫਿਰ ਰਹੇ ਹਨ। ਉਨਾਂ ਦੱਸਿਆਂ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ 1500 ਦੇ ਕਰੀਬ ਮਾਸਕ ਤਿਆਰ ਕੀਤੇ ਜਾ ਰਹੇ ਜਿੰਨਾਂ ਨੂੰ ਸੰਸਥਾ ਝੁੱਗੀ ਝੌਂਪੜੀ ਵਾਲੇ ਤੇ ਹੋਰ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡੇਗੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਰਫਿਊ ਦੌਰਾਨ ਜੇਕਰ ਕਿਸੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੋਈ ਤਾਂ ਸੰਸਥਾ ਉਸ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੀ ਮੁਹੱਈਆ ਕਰਵਾਏਗੀ।