You are here

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਵਿਕਾਸ ਨਗਰ ਸਥਿਤ ਰੇਲਵੇ ਲਾਂਘੇ ਨੂੰ ਖੋਲਣ ਸੰਬੰਧੀ ਕੰਮ ਦਾ ਜਾਇਜ਼ਾ

ਪੱਖੋਵਾਲ ਸੜਕ ਸਥਿਤ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਦੀ ਉਸਾਰੀ ਵਿੱਚ ਵੀ ਤੇਜ਼ੀ ਦਾ ਭਰੋਸਾ
ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਿੱਧਵਾਂ ਨਹਿਰ ਦੇ ਨਾਲ ਵਿਕਾਸ ਨਗਰ ਨੇੜੇ ਰੇਲ ਕਰਾਸਿੰਗ ਨਾਲ ਦੇ ਲਾਂਘੇ ਨੂੰ ਖੋਲਣ ਦੇ ਕੰਮ ਦਾ ਜਾਇਜ਼ਾ ਲਿਆ।ਇਸ ਮੌਕੇ ਉਨਾਂ ਦੇ ਨਾਲ ਵਿਲੀਅਮਜੀਤ ਸਿੰਘ, ਰੇਲਵੇ ਦੇ ਡਿਪਟੀ ਚੀਫ਼ ਇੰਜੀਨੀਅਰ (ਉਸਾਰੀ ਡਵੀਜ਼ਨ) ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸਨ। ਜਿਕਰਯੋਗ ਹੈ ਕਿ ਆਸ਼ੂ ਨੇ 18 ਮਾਰਚ ਨੂੰ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਸੀ ਅਤੇ ਉਨਾਂ ਨੂੰ ਅਪੀਲ ਕੀਤੀ ਸੀ ਕਿ ਇਸ ਰੇਲਵੇ ਕਰਾਸਿੰਗ ਨੂੰ ਅਸਥਾਈ ਤੌਰ 'ਤੇ ਵਾਹਨਾਂ ਦੀ ਆਵਾਜਾਈ ਲਈ ਖੋਲਿਆ ਜਾਵੇ ਕਿਉਂਕਿ ਮੁੱਖ ਸੜਕ ਪੱਖੋਵਾਲ ਰੋਡ 'ਤੇ ਰੇਲਵੇ ਓਵਰਬ੍ਰਿਜ ਦਾ ਨਿਰਮਾਣ ਸ਼ੁਰੂ ਹੋਣ 'ਤੇ ਕੁਝ ਸਮੇਂ ਲਈ ਬੰਦ ਮੁੱਖ ਰੇਲਵੇ ਕਰਾਸਿੰਗ ਨੂੰ ਬੰਦ ਕਰਨਾ ਪਵੇਗਾ। ਆਸ਼ੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੂੰ ਵਿਕਾਸ ਨਗਰ (ਨੇੜੇ ਸਿੱਧਵਾਂ ਨਹਿਰ) ਦੇ ਨਾਲ ਪੈਂਦੇ ਰੇਲਵੇ ਲਾਂਘਿਆਂ ਨੂੰ ਖੋਲਣ, ਰੇਲਵੇ ਲਾਈਨਾਂ 'ਤੇ ਫੁੱਟ ਓਵਰਬ੍ਰਿਜ ਅਤੇ ਕੁਝ ਹੋਰ ਮਾਮਲਿਆਂ ਬਾਰੇ ਜਾਣੂ ਕਰਾਇਆ ਗਿਆ ਸੀ ਅਤੇ ਇਨਾਂ ਮਾਮਲਿਆਂ ਨੂੰ ਤੁਰੰਤ ਹੱਲ ਕਰਨ ਬਾਰੇ ਕਿਹਾ ਗਿਆ ਸੀ। ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਫਿਰੋਜ਼ਪੁਰ ਸੜਕ-ਮਲੇਰਕੋਟਲਾ ਬਾਈਪਾਸ 'ਤੇ ਪੈਂਦੇ ਧਾਂਦਰਾ-ਗਿੱਲ ਪਿੰਡਾਂ ਕੋਲ ਰੇਲਵੇ ਓਵਰਬ੍ਰਿਜ ਬਣਾਇਆ ਜਾਵੇ। ਆਸ਼ੂ ਨੇ ਦੱਸਿਆ ਕਿ ਪੱਖੋਵਾਲ ਸੜਕ 'ਤੇ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜਦੋਂ ਰੇਲਵੇ ਵੱਲੋਂ ਆਪਣੇ ਅਧਿਕਾਰ ਖੇਤਰ ਵਾਲੇ ਪੁੱਲ ਦਾ ਕੰਮ ਕੀਤਾ ਜਾਣਾ ਹੈ ਤਾਂ ਮੁੱਖ ਮਾਰਗਾਂ ਨੂੰ ਬੰਦ ਕਰਨਾ ਪਵੇਗਾ। ਇਸ ਮੌਕੇ ਟ੍ਰੈਫਿਕ ਨੂੰ ਹੋਰਾਂ ਸੜਕਾਂ ਰਾਹੀਂ ਮੋੜਿਆ ਜਾਣਾ ਪਵੇਗਾ। ਇਸ ਲਈ ਦੋ ਰੇਲਵੇ ਕਰਾਸਿੰਗ ਨੂੰ ਖੋਲਣਾ ਪਵੇਗਾ। ਆਸ਼ੂ ਨੇ ਕਿਹਾ ਕਿ ਕੇਂਦਰੀ ਮੰਤਰੀ ਨਾਲ ਉਨਾਂ ਦੀ ਮੁਲਾਕਾਤ ਤੋਂ ਬਾਅਦ ਹੀ ਵਿਲੀਅਮਜੀਤ ਸਿੰਘ ਨੂੰ ਯੋਜਨਾ ਤਿਆਰ ਕਰਨ ਲਈ ਲੁਧਿਆਣਾ ਭੇਜਿਆ ਗਿਆ ਸੀ। ਆਸ਼ੂ ਨੇ ਵਿਲੀਅਮਜੀਤ ਸਿੰਘ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਪਖੋਵਾਲ ਰੋਡ ਆਰ.ਓ.ਬੀ. ਅਤੇ ਆਰ.ਯੂ.ਬੀ. ਪ੍ਰਾਜੈਕਟ ਲਈ ਰੇਲਵੇ ਦੇ ਹਿੱਸੇ 'ਤੇ ਨਿਰਮਾਣ ਕਾਰਜ ਲਈ ਟੈਂਡਰ ਪ੍ਰਕਿਰਿਆ ਜਲਦੀ ਮੁਕੰਮਲ ਕੀਤੀ ਜਾਵੇ ਤਾਂ ਜੋ ਨਿਰਮਾਣ ਸ਼ੁਰੂ ਹੋ ਸਕੇ। ਆਸ਼ੂ ਨੇ ਦੱਸਿਆ ਕਿ ਡਿਪਟੀ ਚੀਫ਼ ਇੰਜੀਨੀਅਰ ਨੇ ਭਰੋਸਾ ਦਿੱਤਾ ਕਿ ਸਾਰੇ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਸ਼ੁਰੂ ਕੀਤੇ ਗਏ ਯਤਨਾਂ ਅਤੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕੀਤੇ ਜਾਣ ਸਥਾਨਕ ਪੱਖੋਵਾਲ ਸੜਕ 'ਤੇ ਬਣਨ ਵਾਲੇ ਰੇਲਵੇ ਓਵਰਬ੍ਰਿਜ ਅਤੇ ਦੋ ਅੰਡਰਬ੍ਰਿਜਾਂ ਦਾ ਕੰਮ ਨਵੰਬਰ 2019 ਤੋਂ ਜਾਰੀ ਹੈ। ਕੁੱਲ 120 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਦਾ ਵੱਡੇ ਪੱਧਰ 'ਤੇ ਹੱਲ ਹੋਵੇਗਾ। ਇਸ ਪ੍ਰੋਜੈਕਟ ਤਹਿਤ ਉਕਤ ਪੁੱਲਾਂ ਤੋਂ ਇਲਾਵਾ ਰੋਟਰੀ ਕਲੱਬ ਸੜਕ ਨੂੰ ਸਮਾਰਟ ਸੜਕ ਵਜੋਂ ਵਿਕਸਤ ਕਰਨਾ ਵੀ ਸ਼ਾਮਿਲ ਹੈ। ਰੇਲਵੇ ਓਵਰਬ੍ਰਿਜ ਦੀ ਲੰਬਾਈ 839.83 ਮੀਟਰ (ਸਿੱਧਵਾਂ ਨਹਿਰ ਤੋਂ ਹੀਰੋ ਬੇਕਰੀ ਚੌਕ) ਹੋਵੇਗੀ। ਪੱਖੋਵਾਲ ਸੜਕ ਦੇ ਨਾਲ-ਨਾਲ ਬਣਨ ਵਾਲੇ ਜ਼ਮੀਨਦੋਜ਼ ਪੁੱਲਾਂ ਤਹਿਤ ਹੀਰੋ ਬੇਕਰੀ ਚੌਕ ਤੋਂ ਸਿੱਧਵਾਂ ਨਹਿਰ ਤੱਕ ਦੇ ਪੁੱਲ ਦੀ ਲੰਬਾਈ 458.20 ਮੀਟਰ ਅਤੇ ਇਸ਼ਮੀਤ ਸੜਕ ਤੋਂ ਰੋਟਰੀ ਕਲੱਬ ਰੋਡ ਅਤੇ ਫਿਰੋਜ਼ਪੁਰ ਸੜਕ ਅਤੇ ਇਸ਼ਮੀਤ ਸੜਕ ਤੋਂ ਪੱਖੋਵਾਲ ਸੜਕ ਤੱਕ ਦੀ ਲੰਬਾਈ 1018.46 ਹੋਵੇਗੀ। ਬਾਅਦ ਵਿੱਚ ਆਸ਼ੂ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਦੇ ਨਾਲ ਭਾਈ ਰਣਧੀਰ ਸਿੰਘ ਨਗਰ ਵਿੱਚ ਡੀ.ਏ.ਵੀ. ਪਬਲਿਕ ਸਕੂਲ ਦੇ ਸਾਹਮਣੇ ਉਸਾਰੀ ਅਧੀਨ ਲਈਅਰ ਵੈਲੀ ਦਾ ਦੌਰਾ ਵੀ ਕੀਤਾ ਅਤੇ ਚੱਲ ਰਹੇ ਕੰਮ ਦੀ ਨਿਗਰਾਨੀ ਕੀਤੀ। ਕੰਮ ਦੀ ਹੌਲੀ ਰਫਤਾਰ ਨਾਲ ਪ੍ਰੇਸ਼ਾਨ ਹੋ ਕੇ ਉਨਾਂ ਨੇ ਠੇਕੇਦਾਰ ਨੂੰ ਚੇਤਾਵਨੀ ਵੀ ਦਿੱਤੀ ਅਤੇ ਉਸ ਨੂੰ ਤੈਅ ਸਮਾਂ ਸੀਮਾ ਵਿੱਚ ਕੰਮ ਖਤਮ ਕਰਨ ਲਈ ਕਿਹਾ। ਉਨਾਂ ਦੱਸਿਆ ਕਿ ਲਈਅਰ ਵੈਲੀ ਲਗਭਗ 1.5 ਕਿਲੋਮੀਟਰ ਦੀ ਹੈ (ਡੀ.ਏ.ਵੀ. ਪਬਲਿਕ ਸਕੂਲ ਤੋਂ ਪੱਖੋਵਾਲ ਰੋਡ ਨੇੜੇ ਰੇਲਵੇ ਕਰਾਸਿੰਗ ਤੱਕ ਸ਼ੁਰੂ ਹੁੰਦੀ ਹੈ) ਅਤੇ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਡੀ. ਏ. ਵੀ. ਪਬਲਿਕ ਸਕੂਲ ਨਾਲ ਲੱਗਦੀ ਵੈਲੀ ਦੀ ਲੰਬਾਈ 1.5 ਕਿਲੋ ਮੀਟਰ ਹੋਵੇਗੀ, ਜੋ ਕਿ ਸਕੂਲ ਤੋਂ ਸ਼ੁਰੂ ਹੋ ਕੇ ਪੱਖੋਵਾਲ ਸੜਕ ਸਥਿਤ ਰੇਲਵੇ ਲਾਂਘੇ ਤੱਕ ਖੇਤਰ ਨੂੰ ਕਵਰ ਕਰੇਗੀ। ਇਸ 'ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਵੈਲੀ ਲਈ ਜਗਾ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਡੀ. ਏ. ਵੀ. ਸਕੂਲ ਕੋਲ ਨਗਰ ਸੁਧਾਰ ਟਰੱਸਟ ਦੀ ਖਾਲੀ ਪਈ ਜ਼ਮੀਨ ਨੂੰ ਲੋਕਾਂ ਵੱਲੋਂ ਕੂੜਾ ਸੁੱਟਣ ਲਈ ਵਰਤਿਆ ਜਾਂਦਾ ਸੀ। ਇਸ ਜ਼ਮੀਨ ਨੂੰ ਹੁਣ ਇੱਕ ਸ਼ਾਨਦਾਰ ਲਈਅਰ ਵੈਲੀ ਦੇ ਰੂਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਥੇ ਨਗਰ ਨਿਗਮ ਵੱਲੋਂ ਰੇਨਵਾਟਰ ਹਾਰਵੈਸਟਿੰਗ ਖੂਹ ਵੀ ਤਿਆਰ ਕਰਵਾਇਆ ਗਿਆ ਹੈ। ਆਸ਼ੂ ਨੇ ਦੱਸਿਆ ਕਿ ਸਕੂਲ ਨਜ਼ਦੀਕ ਪੈਂਦੇ ਇਸ ਪ੍ਰੋਜੈਕਟ ਦੇ ਡਿਜ਼ਾਈਨ ਨੂੰ ਪੀ. ਏ. ਯੂ. ਦੇ ਬਾਗਬਾਨੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਇਸ ਵੈਲੀ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਬੈਂਚ, ਕਨੋਪੀਆਂ, ਇੰਪੋਰਟਡ ਘਾਹ, ਪੌਦੇ ਅਤੇ ਲਾਈਟਾਂ ਦਾ ਪ੍ਰਬੰਧ ਹੋਵੇਗਾ। ਇਸ ਵੈਲੀ ਵਿੱਚ ਟੈਨਿਸ, ਬੈਡਮਿੰਟਨ ਅਤੇ ਵਾਲੀਬਾਲ ਦੇ ਕੋਰਟਸ ਹੋਣ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨ ਹੋਮ, ਓਪਨ ਜਿੰਮ ਅਤੇ ਹੋਰ ਸਹੂਲਤਾਂ ਵੀ ਪ੍ਰਾਪਤ ਹੋਣਗੀਆਂ।