ਲੁਧਿਆਣਾ, ਮਾਰਚ ਪਿੰਡ ਨੂਰਵਾਲਾ ’ਚ ਅੱਜ ਸਵੇਰੇ ਇੱਕ ਨੌਜਵਾਨ ਨੇ ਆਪਣੇ ਘਰ ਦੇ ਬਾਹਰ ਬੈਠ ਕੇ ਅਖਬਾਰ ਪੜ੍ਹ ਰਹੇ ਜ਼ਿਮੀਂਦਾਰ ਬਲਬੀਰ ਸਿੰਘ (72) ’ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਤਿੰਨ ਗ਼ੋਲੀਆਂ ਤਾਂ ਖਾਲੀ ਗਈਆਂ ਪਰ ਚੌਥੀ ਗ਼ੋਲੀ ਬਲਬੀਰ ਦੇ ਜਬਾੜੇ ’ਚ ਲੱਗੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਡੀਐਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਖਿਲਾਫ਼ ਇਲਾਕੇ ਦੇ ਲੋਕਾਂ ਨੇ ਬੁੱਧਵਾਰ ਰਾਤ ਨੂੰ ਥਾਣਾ ਮੇਹਰਬਾਨ ’ਚ ਸ਼ਿਕਾਇਤ ਦਿੱਤੀ ਸੀ ਕਿ ਉਹ ਹਵਾਈ ਫਾਇਰ ਕਰਕੇ ਇਲਾਕੇ ’ਚ ਦਹਿਸ਼ਤ ਫੈਲਾਉਂਦਾ ਹੈ। ਇਸ ਤੋਂ ਬਾਅਦ ਅੱਜ ਸਵੇਰੇ ਥਾਣਾ ਮੇਹਰਬਾਨ ਤੋਂ ਪੁਲੀਸ ਦਾ ਮੁਲਾਜ਼ਮ ਜਾਂਚ ਲਈ ਪੁੱਜਿਆ ਪਰ ਕਾਰਵਾਈ ਕੀਤੇ ਬਿਨਾਂ ਹੀ ਵਾਪਸ ਚਲਾ ਗਿਆ। ਲੋਕਾਂ ਨੇ ਗੋਲੀ ਚੱਲਣ ਤੋਂ ਬਾਅਦ ਉਸ ਨੂੰ ਫੋਨ ਵੀ ਕੀਤਾ ਪਰ ਉਹ ਵਾਪਸ ਆਉਣ ਦੀ ਬਜਾਏ ਥਾਣੇ ਤੋਂ ਹੋਰ ਫੋਰਸ ਲੈਣ ਚਲਾ ਗਿਆ। ਇੰਨੇ ’ਚ ਮੁਲਜ਼ਮ ਉਥੋਂ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਪੁੱਜੇ ਜਿਸ ਤੋਂ ਬਾਅਦ ਜਸਦੇਵ ਸਿੰਘ ਉਰਫ਼ ਡੀਸੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਪੁਲੀਸ ਨੇ ਮ੍ਰਿਤਕ ਬਲਵੀਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਦੇ ਚਚੇਰੇ ਭਰਾ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਭਤੀਜੇ ਰੁਪਿੰਦਰ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਸੀ ਪਰ ਉਨ੍ਹਾਂ ਦਾ ਗੁਆਂਢੀ ਜਗਦੇਵ ਸਿੰਘ ਉਰਫ਼ ਡੀਸੀ ਇਸੇ ਗੱਲ ਦੀ ਰੰਜਿਸ਼ ਰੱਖਦਾ ਸੀ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮ ਦੀ ਲਾਪ੍ਰਵਾਹੀ ਕਾਰਨ ਇਹ ਘਟਨਾ ਵਾਪਰੀ।