ਲੁਧਿਆਣਾ, 15 ਫਰਵਰੀ (ਟੀ. ਕੇ. ) ਅੱਜ ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ, ਸੁਨੇਤ ਵਿਖੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ, ਦਿੱਲੀ ਵੱਲ ਆਪਣੀਆਂ ਮੰਗਾਂ ਹੱਲ ਕਰਵਾਉਣ ਲਈ ਵਧ ਰਹੇ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕਣ ਅਤੇ ਉਹਨਾਂ ਤੇ ਅੱਥਰੂ ਗੈਸ ਅਤੇ ਗੋਲਿਆਂ ਦੇ ਛੱਰਿਆਂ ਦੀ ਬਾਛੜ ਕਰ ਜ਼ਖਮੀ ਕਰਨ ਦੇ ਵਿਰੋਧ ਵਜੋਂ ਹਰਿਆਣਾ ਦੀ ਖੱਟੜ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਸਰਕਾਰ ਦੇ ਇਸ ਅੜਿਅਲ ਰਵੱਈਏ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਰਾਕੇਸ਼ ਆਜ਼ਾਦ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜ਼ੀਰਖ, ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ ਇਕਾਈ) ਦੇ ਮੁੱਖੀ ਬਲਵਿੰਦਰ ਸਿੰਘ ਨੇ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਪਿਛਲੇ ਕਿਸਾਨ ਅੰਦੋਲਨ ਨੂੰ ਖਤਮ ਹੋਣ ਤੇ ਸਰਕਾਰ ਨੇ ਕਿਸਾਨੀ ਮੰਗਾਂ ਜਿਵੇਂ ਐਮ ਐਸ ਪੀ ਬਾਰੇ ਕਮੇਟੀ, ਬਿਜਲੀ ਸੋਧ ਬਿਲ 2020 ਰੱਦ ਕਰਨ ਵਰਗਿਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ਪਰ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਜਿਸ ਕਰਕੇ ਕਿਸਾਨ ਮੁੜ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ । ਜਦੋਂ ਕਿਸਾਨ ਦਿੱਲੀ ਵੱਲ ਵਧ ਰਹੇ ਨੇ ਤਾਂ ਹਰਿਆਣਾ ਦੀ ਭਾਜਪਾ ਸਰਕਾਰ ਲਗਾਤਾਰ ਪੁਲੀਸ ਅਤੇ ਅਰਧ ਸੈਨਿਕ ਬਲਾਂ ਦਾ ਪ੍ਰਯੋਗ ਕਰਕੇ ਅੰਦੋਲਨਕਾਰੀਆਂ ਤੇ ਤਸ਼ਦੱਦ ਢਾਹ ਰਹੀ ਹੈ। ਜਿਸ ਨਾਲ ਪੰਜਾਬ ਦੇ ਲੋਕਾਂ ਚ ਵੱਡਾ ਰੋਸ ਵੇਖਿਆ ਜਾ ਰਿਹਾ ਹੈ। ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆ ਦੇ ਇਸ਼ਾਰੇ ਤੇ ਚੱਲਕੇ ਦੇ ਜਲ, ਜੰਗਲ, ਜ਼ਮੀਨ ਵਰਗੇ ਕੁਦਰਤੀ ਸਰੋਤ ਲੋਕਾਂ ਕੋਲ਼ੋਂ ਖੋਹ ਕੇ ਦੇਸੀ-ਵਿਦੇਸ਼ੀ ਕਾਰਪੋਰੇਟਾਂ ਨੂੰ ਦੇ ਰਹੀ ਹੈ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਪਹਿਲਾਂ ਹੀ ਬੇਰੋਜਗਾਰੀ ਦਾ ਸੰਤਾਪ ਭੋਗ ਰਹੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਹੋਰ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਕ ਰਹੀ ਹੈ। ਉੱਚ ਸਿੱਖਿਆ ਲਗਾਤਾਰ ਮਹਿੰਗੀ ਹੋ ਕੇ ਗਰੀਬਾਂ ਕੋਲ਼ੋਂ ਦੂਰ ਹੋ ਗਈ ਹੈ। ਅਜਿਹੇ ਅੰਦੋਲਨ ਲੋਕਾਂ ਲਈ ਇੱਕ ਆਸ ਦੀ ਕਿਰਨ ਬਣ ਕੇ ਆਉਂਦੇ ਨੇ ਤੇ ਲੋਕਾਂ ਨੂੰ ਸਰਕਾਰਾਂ ਖਿਲਾਫ ਲੜਨ ਦੀ ਸੋਝੀ ਦਿੰਦੇ ਨੇ। ਆਗੂਆਂ ਨੇ ਕਿਹਾ ਸਰਕਾਰ ਜਿੰਨਾਂ ਮਰਜ਼ੀ ਜ਼ੋਰ ਲਾ ਲਵੇ ਪਰ ਅਜਿਹੇ ਅੰਦੋਲਨ ਉੱਠਦੇ ਰਹੇ ਹਨ ਤੇ ਰਹਿਣਗੇ। ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਟਕਰਾਅ ਦੀ ਥਾਂ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਵੇ। ਲੋਕਾਂ ਵਿੱਚ ਵਿਗਿਆਨਿਕ ਵਿਚਾਰਧਾਰਾ ਦਾ ਪ੍ਰਚਾਰ- ਪ੍ਰਸਾਰ ਕਰ ਰਹੇ ਬੁੱਧੀਜੀਵੀਆਂ, ਤਰਕਸ਼ੀਲਾਂ ਖਿਲਾਫ 295, 295 ਏ ਵਰਗੇ ਪਰਚੇ ਪਾਉਣ ਦੀ ਵੀ ਸਖਤ ਨਿੰਦਾ ਕਰਦਿਆਂ ਇਹਨਾਂ ਨੂੰ ਰੱਦ ਕਰਨ ਲਈ ਵੀ ਆਵਾਜ਼ ਉਠਾਈ ਗਈ। ਇਸ ਮੌਕੇ ਹੋਏ ਅਰਥੀ ਫੂਕ ਪ੍ਰਦਰਸ਼ਨ ਵਿੱਚ ਮਾਸਟਰ ਜਰਨੈਲ ਸਿੰਘ, ਐਡਵੋਕੇਟ ਹਰਪ੍ਰੀਤ ਜ਼ੀਰਖ, ਮਾਨ ਸਿੰਘ, ਰਜੀਵ ਕੁਮਾਰ, ਪ੍ਰਤਾਪ ਸਿੰਘ, ਸਤਨਾਮ ਸਿੰਘ, ਮਹੇਸ਼ ਕੁਮਾਰ ਆਦਿ ਹਾਜ਼ਰ ਸਨ।