ਸਾਡੇ ਦੇਸ਼ ਵਿਚ ਜਦੋਂ ਵੀ ਕੋਈ ਬਿਮਾਰੀ ਫੈਲਦੀ ਹੈ ਜਾਂ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਅਸੀਂ ਬਿਮਾਰੀਆਂ ਅਤੇ ਮਾੜੀਆਂ ਘਟਨਾਵਾਂ ਤੋਂ ਬਚਾਅ ਕਰਨ ਲਈ ਉਸਦੇ ਕਾਰਨਾਂ ਨੂੰ ਲੱਭਣ ਦੀ ਬਜਾਏ ਕਾਲਪਨਿਕ ਦੇਵੀ ਦੇਵਤਿਆਂ ਦੀ ਕਿਸੇ ਗੱਲ ਤੋਂ ਹੋਈ ਨਿਰਾਜਗੀ ਮੰਨਦੇ ਅੰਧ-ਵਿਸ਼ਵਾਸ਼ਾਂ ਦੀ ਘੁੰਮਣ-ਘੇਰੀ ਵਿਚ ਫਸ ਜਾਂਦੇ ਹਾਂ।
ਇਸ ਵੇਲੇ ਸਮੁੱਚਾ ਸੰਸਾਰ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕਿਆ ਹੈ, ਜਿਸ ਕਰਕੇ ਚਾਰ ਚੁਫੇਰੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਬਿਮਾਰੀ ਤੋਂ ਬਚਾਓ ਲਈ ਸੰਸਾਰ ਸਿਹਤ ਸੰਗਠਨ ਵਲੋਂ ਹਰ ਰੋਜ ਅਗਵਾਈ ਲੀਹਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਭਾਰਤ ਸਰਕਾਰ ਸਮੇਤ ਦੇਸ਼ ਦੀਆਂ ਸਾਰੀਆਂ ਸੂਬਾ ਸਰਕਾਰਾਂ ਵਲੋਂ ਵਰਤੀਆਂ ਜਾਣ ਵਾਲੀਆਂ ਸਾਰੀਆਂ ਸਾਵਧਾਨੀਆਂ ਦਾ ਵੱਡੀ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰੰਤੂ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਸਾਡੇ ਸਮਾਜ ਦੇ ਲੋਕ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਥਾਂ 'ਤੇ ਅੰਧ - ਵਿਸ਼ਵਾਸ਼ਾਂ ਦੇ ਰਸਤੇ 'ਤੇ ਤੁਰ ਪਏ ਹਨ। ਬਾਬਿਆਂ ਵਲੋਂ 'ਰੱਖ' ਦੇ ਨਾਉਂ 'ਤੇ ਧਾਗੇ ਤਵੀਤਾਂ ਅਤੇ ਹੱਥੌਲੇ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ਸ਼ਹਿਰ ਵਿੱਚ ਇਸ ਵਾਇਰਸ ਤੋਂ ਬਚਾਓ ਲਈ 'ਹਵਨ' ਕੀਤੇ ਜਾ ਰਹੇ ਹਨ।
ਦੂਸਰੇ ਪਾਸੇ ਇਸ ਵਾਇਰਸ ਦਾ ਲਾਭ ਉਠਾਉਣ ਲਈ ਵਪਾਰੀਆਂ ਵਲੋਂ ਮਹਿੰਗੇ ਭਾਅ 'ਤੇ ਮਾਸਕ ਅਤੇ ਸੈਨੇਟਾਈਜਰ ਵੇਚਿਆ ਜਾ ਰਿਹਾ। ਇਥੇ ਹੀ ਬਸ ਨਹੀਂ ਕਈ ਲਾਲਚ ਵੱਸ ਵਪਾਰੀਆਂ ਨੇ ਨਕਲੀ ਸੈਨੇਟਾਈਜਰ ਬਣਾਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ, ਸ਼ਾਇਦ ਉਹ ਇਸ ਗੱਲ ਤੋਂ ਬੇਖਬਰ ਹਨ ਕਿ ਉਹ ਤਾਂ ਹਰ ਪ੍ਰਕਾਰ ਦੀ ਬਿਮਾਰੀ ਦੀ ਪਹੁੰਚ ਤੋਂ ਦੂਰ ਹਨ।
ਕੋਰੋਨਾ ਵਾਇਰਸ ਸਬੰਧੀ ਏਮਜ ਨਵੀਂ ਦਿੱਲੀ ਦੇ ਨਿਰਦੇਸ਼ਕ ਨੇ ਸਪੱਸ਼ਟ ਕੀਤਾ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਬਲਕਿ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਤੰਦਰੁਸਤ ਹਨ, ਉਨ੍ਹਾਂ ਨੂੰ ਮਾਸਕ ਵਰਤਣ ਦੀ ਲੋੜ ਨਹੀਂ ਹੈ ਜਦਕਿ ਉਹ ਵਿਅਕਤੀ ਜਿਹੜੇ ਖੰਘ ਅਤੇ ਜੁਕਾਮ ਜਾਂ ਕਿਸੇ ਬਿਮਾਰੀ ਤੋਂ ਪੀੜਤ ਹਨ ਨੂੰ ਮਾਸਕ ਵਰਤਣ ਦੀ ਲੋੜ ਹੈ ਅਤੇ ਜਾਂ ਫਿਰ ਉਨਾਂ ਲੋਕਾਂ ਨੂੰ ਐਨ - 95 ਮਾਸਕ ਦੀ ਲੋੜ ਹੈ ਜਿਹੜੇ ਸਿਹਤ ਕੇਂਦਰਾਂ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਵਾਇਰਸ ਹਵਾ ਨਾਲ ਨਹੀਂ ਫੈਲਦਾ, ਇਸ ਤੋਂ ਬਚਾਅ ਲਈ ਹੱਥਾਂ ਨੂੰ ਸਾਫ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਾਇਰਸ ਦਾ ਠੰਢ ਅਤੇ ਗਰਮ ਮੌਸਮ ਨਾਲ ਵੀ ਕੋਈ ਖਾਸ ਸਬੰਧ ਨਹੀਂ ਹੈ ਅਤੇ ਨਾ ਹੀ ਮਾਸਾਹਾਰੀ ਭੋਜਨ ਅਤੇ ਸ਼ਰਾਬ ਦੀ ਵਰਤੋਂ ਨਾਲ ਸਬੰਧ ਹੈ, ਕੇਵਲ ਤੇ ਕੇਵਲ ਸਾਵਧਾਨੀਆਂ ਵਰਤਣੀਆਂ ਹੀ ਬਚਾਅ ਹੈ।ਇਸ ਵਾਇਰਸ ਤੋਂ ਬਚਾਅ ਲਈ ਜਿੱਥੇ ਹੱਥਾਂ ਦੀ ਸਫਾਈ ਬਹੁਤ ਜਰੂਰੀ ਹੈ, ਉਥੇ ਦਿਲ ਅਤੇ ਦਿਮਾਗ ਦੇ ਅੰਦਰ ਬੇਈਮਾਨੀ ਦੇ ਵਾਇਰਸ ਕੱਢਣ ਲਈ ਇਮਾਨਦਾਰੀ ਦੇ ਉੱਤਮ ਦਰਜੇ ਦੇ ਸੈਨੇਟਾਈਜਰ ਦੀ ਵਰਤੋਂ ਕਰਨ ਲਈ ਹਰੇਕ ਭਾਰਤੀ ਨੂੰ ਬਹੁਤ ਲੋੜ ਹੈ।
-ਸੁਖਦੇਵ ਸਲੇਮਪੁਰੀ