ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
-ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਵਿਸ਼ੇਸ਼ ਪੰਦਰਵਾੜਾ ਮਨਾਇਆ ਗਿਆ, ਜਿਸ ਦੌਰਾਨ 39 ਸਿਹਤ ਜਾਂਚ ਕੈਂਪ ਲਗਾਏ ਗਏ ਅਤੇ 4863 ਵਿਅਕਤੀਆਂ ਦੀ ਸਿਹਤ ਜਾਂਚ ਕੀਤੀ ਗਈ। ਇਸ ਪੰਦਰਵਾੜੇ ਦਾ ਆਯੋਜਨ ਨਿਗਮ ਦੀ 68ਵੀਂ ਵਰੇਗੰਢ ਦੇ ਮੌਕੇ ਕੀਤਾ ਗਿਆ। ਇਸ ਪੰਦਰਵਾੜੇ ਦੌਰਾਨ ਈ. ਐੱਸ. ਆਈ. ਦੀਆਂ ਯੋਜਨਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਨਿਗਮ ਦੇ ਉੱਪ ਖੇਤਰੀ ਦਫ਼ਤਰ ਦੇ ਉਪ ਨਿਰਦੇਸ਼ਕ ਸੁਨੀਲ ਕੁਮਾਰ ਯਾਦਵ ਨੇ ਦੱਸਿਆ ਕਿ ਪੰਦਰਵਾੜੇ ਦੌਰਾਨ ਤਕਰੀਬਨ ਹਰੇਕ ਕੈਂਪ ਵਿੱਚ 100 ਤੋਂ ਵਧੇਰੇ ਕਰਮਚਾਰੀਆਂ ਦੀ ਸਿਹਤ ਜਾਂਚ ਕੀਤੀ ਗਈ। ਜਿਨਾਂ ਮਰੀਜ਼ਾਂ ਨੂੰ ਟੈਸਟਾਂ ਜਾਂ ਇਲਾਜ ਦੀ ਜ਼ਰੂਰਤ ਸੀ, ਉਨਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਬੁਲਾਇਆ ਗਿਆ। ਇਸ ਦੌਰਾਨ ਕਰਮਚਾਰੀਆਂ ਦੇ ਬੀਮੇ ਸੰਬੰਧੀ ਮਾਮਲਿਆਂ ਦਾ ਨਿਪਟਾਰਾ ਅਤੇ ਹੋਰ ਸਮੱਸਿਆਵਾਂ ਦਾ ਵੀ ਹੱਲ ਕੀਤਾ ਗਿਆ। ਇਨਾਂ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਦਫ਼ਤਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੀ ਖੁੱਲੇ ਰੱਖੇ ਗਏ।