ਨਗਰ ਨਿਗਮ ਲੁਧਿਆਣਾ ਵਿੱਚ ਸਾਰੀਆਂ ਖਾਲੀ ਆਸਾਮੀਆਂ ਜਲਦੀ ਹੀ ਭਰੀਆਂ ਜਾਣਗੀਆਂ : ਭਾਰਤ ਭੂਸ਼ਣ ਆਸ਼ੂ
ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ 60 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੰਡੇ, ਜਿਨ੍ਹਾਂ ਨੂੰ ਨਗਰ ਨਿਗਮ ਲੁਧਿਆਣਾ ਵਿੱਚ ਵੱਖ-ਵੱਖ ਅਸਾਮੀਆਂ 'ਤੇ ਤਰਸ ਦੇ ਅਧਾਰ ਤੇ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਇਕ ਸਮਾਰੋਹ ਦਾ ਆਯੋਜਨ ਦਫ਼ਤਰ ਨਗਰ ਨਿਗਮ ਜੋਨ-ਡੀ ਵਿਖੇ ਹੋਇਆ, ਜਿਸ ਵਿਚ ਭਾਰਤ ਭੂਸ਼ਣ ਆਸ਼ੂ ਮੁੱਖ ਮਹਿਮਾਨ ਸਨ, ਜਦਕਿ ਮੇਅਰ ਬਲਕਾਰ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਡਾ ਜੈ ਪ੍ਰਕਾਸ਼ ਸ਼ਰਮਾ, ਨਰਿੰਦਰ ਸ਼ਰਮਾ, ਦਿਲਰਾਜ ਸਿੰਘ, ਸੰਨੀ ਭੱਲਾ, ਸ੍ਰੀਮਤੀ ਅਮ੍ਰਿਤ ਵਰਸ਼ਾ ਰਾਮਪਾਲ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਤਹਿਤ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਈ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨਗਰ ਨਿਗਮ ਲੁਧਿਆਣਾ ਵਿੱਚ ਸਾਰੀਆਂ ਖਾਲੀ ਅਸਾਮੀਆਂ ਜਲਦੀ ਹੀ ਭਰੀਆਂ ਜਾਣਗੀਆਂ। ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਰਿਸ਼ੀ ਪਾਲ ਸਿੰਘ, ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਨਵਰਾਜ ਸਿੰਘ ਬਰਾੜ ਅਤੇ ਕੁਲਪ੍ਰੀਤ ਸਿੰਘ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।