ਜੈਤੋ- ਦਲਿਤਾਂ ਨਾਲ ਪਾਰਟੀ ਵਿੱਚ ਹੁੰਦੇ ਵਿਤਕਰੇ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਅੱਜ ਕਸੂਤੇ ਫਸ ਗਏ। ਇਹ ਮੁੱਦਾ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਏਜੰਡੇ ਤਹਿਤ ਪਿੰਡ ਗੁਰੂ ਕੀ ਢਾਬ ਦੇ ਗੁਰੂ ਘਰ ਵਿੱਚ ਜੈਤੋ ਹਲਕੇ ਦੇ ਐਸ.ਸੀ. ਵਿੰਗ ਦੇ ਵਰਕਰਾਂ ਦੀ ਮੀਟਿੰਗ ’ਚ ਉਠਿਆ। ਪਾਰਟੀ ਦੀ ਸੀਨੀਅਰ ਆਗੂ ਅਮਰਜੀਤ ਕੌਰ ਪੰਜਗਰਾਈਂ ਅਤੇ ਸਾਬਕਾ ਐਸਜੀਪੀਸੀ ਮੈਂਬਰ ਜਥੇਦਾਰ ਨਾਜ਼ਰ ਸਿੰਘ ਸਰਾਵਾਂ ਨੇ ਆਪਣੇ ਭਾਸ਼ਣਾਂ ਦੀ ਚਕਰੀ ਇਸੇ ਮੁੱਦੇ ਦੁਆਲੇ ਘੁੰਮਾਈ ਰੱਖੀ। ਇਸ ਸਬੰਧ ’ਚ ਲੰਘੀਆਂ ਪੰਚਾਇਤੀ, ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦਾ ਹਵਾਲਾ ਦੇ ਕੇ ਰੋਸ ਜਤਾਇਆ ਕਿ ਹਰ ਔਖੇ ਵਕਤ ਦਲਿਤਾਂ ਤੋਂ ਮਦਦ ਲੈਣ ਵਾਲੇ ਜਨਰਲ ਵਰਗ ਦੇ ਅਕਾਲੀ ਕਾਰਕੁਨ ਦਲਿਤ ਉਮੀਦਵਾਰਾਂ ਨੂੰ ਚੋਣਾਂ ਵਿੱਚ ਹਰਾਉਣ ਲਈ ਪੂਰੀ ਟਿੱਲ ਲਾਉਂਦੇ ਹਨ। ਉਨ੍ਹਾਂ ਪਾਰਟੀ ਦੀ ਸਰਕਾਰ ਵੇਲੇ ਚੇਅਰਮੈਨੀਆਂ ਅਤੇ ਪ੍ਰਧਾਨਗੀਆਂ ਦੀ ਵੰਡ ਮੌਕੇ ਅਕਾਲੀ ਕਾਕਾਸ਼ਾਹੀ ਵੱਲੋਂ ਦਲਿਤਾਂ ਨਾਲ ਕੀਤੀ ਜਾਂਦੀ ਕਾਣੀ ਵੰਡ ਦੇ ਮੁੱਦੇ ਵੀ ਉਜਾਗਰ ਕੀਤੇ।
ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਇਨ੍ਹਾਂ ਮੁੱਦਿਆਂ ਬਾਰੇ ਮੰਚ ਤੋਂ ਜਨਤਕ ਟਿੱਪਣੀ ਕਰਨ ਤੋਂ ਗੁਰੇਜ਼ ਕਰਦਿਆਂ ਅਕਾਲੀ-ਭਾਜਪਾ ਸਰਕਾਰ ਦੀ ਕਾਰਜਸ਼ੈਲੀ ਦੀ ਤਾਰੀਫ਼ ਕੀਤੀ ਅਤੇ ਕਾਂਗਰਸ ਸਰਕਾਰ ਦੇ ਕੰਮਾਂ ਨੂੰ ਭੰਡਿਆ। ਹਲਕਾ ਜੈਤੋ ਦੇ ਪਾਰਟੀ ਇੰਚਾਰਜ ਸੂਬਾ ਸਿੰਘ ਬਾਦਲ ਨੇ ਸੱਦਾ ਦਿੱਤਾ ਕਿ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਕਾਂਗਰਸ ਹਕੂਮਤ ਨੂੰ ਪਾਰਲੀਮੈਂਟ ਚੋਣਾਂ ਵਿੱਚ ਝਟਕਾ ਦਿੱਤਾ ਜਾਵੇ। ਮਾਰਕਫ਼ੈੱਡ ਦੇ ਚੇਅਰਮੈਨ ਗੁਰਚੇਤ ਸਿੰਘ ਢਿੱਲੋਂ ਨੇ ਕੈਪਟਨ ਸਰਕਾਰ ਦੀ ਨਿਖੇਧੀ ਕੀਤੀ। ਇਸ ਮੌਕੇ ਐਸਸੀ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਕੇਵਲ ਸਿੰਘ ਪ੍ਰੇਮੀ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਲਾਲੀ ਬਾਦਲ, ਸ਼ਰਨਜੀਤ ਸਿੰਘ ਸੰਨੀ, ਜਗਮੀਤ ਨੀਟਾ, ਹਰਵਿੰਦਰ ਸਿੰਘ ਸੇਖੋਂ ਹਾਜ਼ਰ ਸਨ।
ਮੀਡੀਆ ਕਾਨਫਰੰਸ ਦੌਰਾਨ ਮੁਕਾਮੀ ਆਗੂਆਂ ਦੇ ਉਬਾਲ ਬਾਰੇ ਪੁੱਛੇ ਜਾਣ ’ਤੇ ਜਥੇਦਾਰ ਰਣੀਕੇ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਕੋਲ ਇਹ ਮੁੱਦਾ ਉਠਾਉਣਗੇ। ਬੇਅਦਬੀ ਮਾਮਲੇ ’ਚ ਘਿਰੇ ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੱਠਜੋੜ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਸ਼ਾਨਦਾਰ ਜਿੱਤ ਹਾਸਲ ਕਰੇਗਾ।