You are here

ਨੌਜਵਾਨਾਂ ਦੀ ਸਹੂਲਤ ਲਈ ਸ਼ੁਰੂ ਹੋਵੇਗੀ 'ਹੈੱਲਪਲਾਈਨ'-ਚੇਅਰਮੈਨ ਬਿੰਦਰਾ

ਪੰਜਾਬ ਯੂਥ ਵਿਕਾਸ ਬੋਰਡ ਬਣਾਵੇਗਾ ਨੌਜਵਾਨਾਂ ਦਾ ਪੰਜਾਬ ਸਰਕਾਰ ਨਾਲ ਸਿੱਧਾ ਰਾਬਤਾ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸੂਬੇ ਦੇ ਨੌਜਵਾਨਾਂ ਦੀਆਂ ਮੁਸ਼ਕਿਲਾਂ ਜਾਨਣ ਅਤੇ ਉਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੇ ਮਕਸਦ ਨਾਲ, ਪੰਜਾਬ ਸਰਕਾਰ ਵੱਲੋਂ ਜਲਦ ਹੀ ਹੈੱਲਪਲਾਈਨ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਇੱਕ ਸਕੂਲ ਦੇ ਸਮਾਗਮ ਦੌਰਾਨ ਕੀਤਾ ਗਿਆ। ਉਹ ਸਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੰਦਰਾ ਨੇ ਕਿਹਾ ਕਿ ਇਸ ਹੈੱਲਪਲਾਈਨ ਦਾ ਕੰਟਰੋਲ ਪੰਜਾਬ ਦੇ ਯੁਵਕ ਸੇਵਾਵਾਂ ਵਿਭਾਗ ਦੇ ਕੈਬਨਿਟ ਮੰਤਰੀ, ਚੇਅਰਮੈਨ ਪੰਜਾਬ ਯੂਥ ਵਿਕਾਸ ਬੋਰਡ ਅਤੇ ਵਿਭਾਗ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕੋਲ ਹੋਵੇਗਾ। ਉਨਾਂ ਕਿਹਾ ਕਿ ਨੌਜਵਾਨਾਂ ਜਦ ਇਸ ਹੈੱਲਪਲਾਈਨ ਰਾਹੀਂ ਵਿਭਾਗ ਨਾਲ ਸੰਪਰਕ ਕਰਨਗੇ ਤਾਂ ਉਨਾਂ ਦੀ ਮੁਸ਼ਕਿਲ ਸੁਣਨ 'ਤੇ ਤੁਰੰਤ ਹੱਲ ਕਰਨ ਲਈ ਸੰਬੰਧਤ ਵਿਭਾਗ ਜਾਂ ਅਧਿਕਾਰੀ ਨੂੰ ਹਦਾਇਤ ਕੀਤੀ ਜਾਵੇਗੀ। ਇਸ ਨਾਲ ਨੌਜਵਾਨਾਂ ਨੂੰ ਸਰਕਾਰ ਤੱਕ ਆਪਣੀਆਂ ਮੰਗਾਂ ਰੱਖਣ ਬਾਰੇ ਇੱਕ ਪਲੇਟਫਾਰਮ ਵੀ ਮਿਲੇਗਾ। ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ, ਖਾਸ ਕਰਕੇ ਨੌਜਵਾਨਾਂ ਦੀ ਭਲਾਈ ਲਈ ਹਰ ਕਦਮ ਚੁੱਕਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਉਸਾਰੂ ਗਤੀਵਿਧੀਆਂ ਵੱਲ ਲਗਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਨੂੰ ਮੁੜ ਤੋਂ ਗਤੀਸ਼ੀਲ ਕੀਤਾ ਗਿਆ ਹੈ। ਬੋਰਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨਾਲ ਸੰਬੰਧਤ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾ ਕੇ ਨੌਜਵਾਨਾਂ ਦਾ ਸਹਿਯੋਗ ਸੂਬੇ ਦੇ ਵਿਕਾਸ ਲਈ ਲਿਆ ਜਾਵੇ। ਬਿੰਦਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੁਸ਼ਕਿਲਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਅਤੇ ਉਨਾਂ ਦਾ ਉਚਿਤ ਹੱਲ ਕਢਵਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਦਾ ਸਹਿਯੋਗ ਲੈਣ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਹਰ ਕਦਮ ਉਠਾਉਣ ਲਈ ਦ੍ਰਿੜ ਸੰਕਲਪ ਹੈ। ਸਮਾਗਮ ਦੌਰਾਨ ਉਨਾਂ ਸਕੂਲ ਦੇ ਬੱਚਿਆਂ ਨੂੰ ਉਨਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।