You are here

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ

ਰਿਕਵਰੀ ਤੇਜ਼ ਕਰਨ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਖੁੰਭਾਂ ਦੀ ਤਰਾਂ ਵਧ ਰਹੀਆਂ ਵਪਾਰਕ ਇਮਾਰਤਾਂ 'ਤੇ ਨਕੇਲ ਪਾਉਣ ਦੀ ਹਦਾਇਤ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਥਾਨਕ ਜ਼ੋਨ-ਡੀ ਦਫ਼ਤਰ ਵਿਖੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਲੋਕ ਹਿੱਤ ਕਾਰਜਾਂ ਵਿੱਚ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਸੰਯਮ ਅਗਰਵਾਲ ਤੇ ਰਿਸ਼ੀਪਾਲ ਸਿੰਘ (ਦੋਵੇਂ ਵਧੀਕ ਕਮਿਸ਼ਨਰ), ਨਵਰਾਜ ਸਿੰਘ ਬਰਾੜ, ਕੁਲਪ੍ਰੀਤ ਸਿੰਘ, ਸ੍ਰੀਮਤੀ ਸਵਾਤੀ ਟਿਵਾਣਾ ਅਤੇ ਨੀਰਜ ਜੈਨ (ਚਾਰੇ ਜ਼ੋਨਲ ਕਮਿਸ਼ਨਰ) ਹਾਜ਼ਰ ਸਨ। ਮੀਟਿੰਗ ਦੌਰਾਨ ਸਿਟੀ ਬੱਸ ਸਰਵਿਸ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਬਾਰੇ ਸ੍ਰੀ ਆਸ਼ੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਾਸੀਆਂ ਨੂੰ ਇਸ ਸਹੂਲਤ ਨਾਲ ਜਲਦ ਤੋਂ ਜਲਦ ਚੰਗੇ ਤਰੀਕੇ ਨਾਲ ਜੋੜਨ ਲਈ ਯੋਜਨਾ ਤਿਆਰ ਕਰਕੇ ਤਿੰਨ ਦਿਨ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ। ਉਨਾਂ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਵੱਡੇ ਪੱਧਰ 'ਤੇ ਵਿਕਾਸ ਕਾਰਜਾਂ ਦੇ ਚੱਲਦਿਆਂ ਸ਼ਹਿਰ ਵਾਸੀਆਂ ਨੂੰ ਸੜਕ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਟੀ ਬੱਸ ਦੇ ਚੰਗੀ ਤਰਾਂ ਸ਼ੁਰੂ ਹੋਣ ਨਾਲ ਇਹ ਸਮੱਸਿਆ ਕਾਫੀ ਘਟ ਜਾਵੇਗੀ ਅਤੇ ਸ਼ਹਿਰਵਾਸੀਆਂ ਨੂੰ ਇਸ ਸਹੂਲਤ ਦਾ ਬਹੁਤ ਲਾਭ ਮਿਲ ਸਕਦਾ ਹੈ। ਨਗਰ ਨਿਗਮ ਦੇ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ 'ਈ-ਗਵਰਨੈਂਸ' ਪ੍ਰਣਾਲੀ ਸ਼ੁਰੂ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨਾਂ ਇਸ ਦਿਸ਼ਾ ਵਿੱਚ ਹੁਣ ਤੱਕ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਲਈ। ਉਨਾਂ ਹਦਾਇਤ ਕੀਤੀ ਕਿ ਇਸ ਪ੍ਰਣਾਲੀ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਬਾਰੇ ਅਗਲੇ 3 ਮਹੀਨਿਆਂ ਵਿੱਚ ਹਾਊਸ ਸਾਹਮਣੇ ਪ੍ਰੈਜੈਂਟੇਸ਼ਨ ਦਿੱਤੀ ਜਾਵੇ। ਨਗਰ ਨਿਗਮ ਦੀ ਵਿੱਤੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਰਿਕਵਰੀ ਦੇ ਕੰਮ ਵਿੱਚ ਖੜੋਤ ਨਾ ਆਉਣ ਦੇਣ ਬਾਰੇ ਵੀ ਕਿਹਾ ਗਿਆ। ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਦਿਨੋਂ ਦਿਨ ਖੁੰਬਾਂ ਦੀ ਤਰਾਂ ਸਾਹਮਣੇ ਆ ਰਹੀਆਂ ਵਪਾਰਕ ਇਮਾਰਤਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਬਾਰੇ ਵੀ ਹਦਾਇਤ ਕੀਤੀ ਗਈ। ਉਨਾਂ ਚਾਰੇ ਜ਼ੋਨਲ ਕਮਿਸ਼ਨਰਾਂ ਨੂੰ ਜ਼ਮੀਨੀ ਪੱਧਰ 'ਤੇ ਵਿਕਾਸ ਕਾਰਜਾਂ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਸਾਰੇ ਕੰਮਾਂ ਵਿੱਚ ਲੋਕ ਨੁਮਾਇੰਦਿਆਂ ਨੂੰ ਹਰ ਪੱਧਰ 'ਤੇ ਭਰੋਸੇ ਵਿੱਚ ਰੱਖਿਆ ਜਾਵੇ। ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਬਾਰੇ ਸ੍ਰੀ ਆਸ਼ੂ ਨੇ ਕਿਹਾ ਕਿ ਘਰਾਂ ਵਿੱਚੋਂ ਕੂੜਾ ਚੁੱਕਣ ਤੋਂ ਲੈ ਕੇ ਆਖ਼ਰੀ ਪੜਾਅ ਤੱਕ ਇਸੇ ਦੇ ਉੱਚਿਤ ਪ੍ਰਬੰਧਨ ਦੀ ਲੋੜ ਹੈ। ਉਨਾਂ ਹਦਾਇਤ ਕੀਤੀ ਕਿ ਕੂੜਾ ਚੁੱਕਣ ਵਾਲੀ ਕੰਪਨੀ ਏ ਟੂ ਜ਼ੈੱਡ ਨੂੰ ਇਸ ਸੰਬੰਧੀ ਸਖ਼ਤੀ ਨਾਲ ਹਦਾਇਤ ਜਾਰੀ ਕੀਤੀ ਜਾਵੇ। ਉਨਾਂ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਹਰ ਹੀਲੇ ਬਣਾਈ ਰੱਖਿਆ ਜਾਵੇ। ਜਿੱਥੇ ਵੀ ਜ਼ਰੂਰਤ ਹੈ ਸੜਕਾਂ ਦਾ ਪੈਚਵਰਕ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ। ਸੜਕਾਂ ਦੀ ਮਾੜੀ ਹਾਲਤ ਬਾਰੇ ਉਨਾਂ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਦੀ ਕਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਜੇਕਰ ਨਿਰਧਾਰਤ ਸਮਾਂ ਸੀਮਾ ਤੋਂ ਪਹਿਲਾਂ ਹੀ ਸੜਕਾਂ ਟੁੱਟ ਜਾਂਦੀਆਂ ਹਨ ਤਾਂ ਇਸ ਸਬੰਧੀ ਠੇਕੇਦਾਰ ਦੀ ਜਿੰਮੇਵਾਰੀ ਫਿਕਸ ਕੀਤੀ ਜਾਵੇ ਅਤੇ ਉਸ ਤੋਂ ਸੜਕ ਦੀ ਮੁਰੰਮਤ ਕਰਵਾਈ ਜਾਵੇ। ਵਿਕਾਸ ਅਤੇ ਹੋਰ ਲੋਕ ਹਿੱਤ ਕਾਰਜਾਂ ਵਿੱਚ ਸੰਬੰਧਤ ਅਧਿਕਾਰੀਆਂ ਦੀ ਵੀ ਜਿੰਮੇਵਾਰੀ ਫਿਕਸ ਕੀਤੀ ਜਾਵੇ। ਉਨਾਂ ਇਸ ਗੱਲ 'ਤੇ ਨਿਰਾਸ਼ਤਾ ਜ਼ਾਹਿਰ ਕੀਤੀ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਿੱਚ ਆਪਸੀ ਤਾਲਮੇਲ ਦੀ ਕਮੀ ਹੈ। ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਨੂੰ ਤੈਅ ਸਮਾਂ ਸੀਮਾ ਅਤੇ ਸੁਚੱਜੇ ਤਰੀਕੇ ਨਾਲ ਮੁਕੰਮਲ ਕਰਨ ਲਈ ਹੇਠਲੇ ਪੱਧਰ ਤੱਕ ਨਿੱਜੀ ਤਾਲਮੇਲ ਬਣਾਈ ਰੱਖਣ ਬਾਰੇ ਕਿਹਾ ਗਿਆ। ਉਨਾਂ ਸਪੱਸ਼ਟ ਕੀਤਾ ਕਿ ਉਹ ਇਨਾਂ ਸਾਰੇ ਕਾਰਜਾਂ ਦੀ ਪ੍ਰਗਤੀ ਬਾਰੇ ਇੱਕ ਮਹੀਨੇ ਬਾਅਦ ਮੁੜ ਰਿਵਿਊ ਕਰਨਗੇ।