You are here

64 ਸਾਲਾਂ ਬਾਅਦ ਪੰਜਾਬੀ ਨੂੰ ਮਿਲੀ ਬਰਤਾਨਵੀ ਨਾਗਰਿਕਤਾ

ਲੰਡਨ, (ਗਿਆਨੀ ਅਮਰਕੀਤ ਸਿੰਘ ਰਾਠੋਰ)- ਬਰਤਾਨੀਆ ਵਿਚ ਆਉਣ ਵਾਲੇ ਲੱਖਾਂ ਪੰਜਾਬੀਆਂ ਨੇ ਜ਼ਿੰਦਗੀ ਵਿਚ ਵੱਡੇ-ਵੱਡੇ ਸੰਘਰਸ਼ ਕਰ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਵਿਦੇਸ਼ੀ ਧਰਤੀ 'ਤੇ ਸਥਾਪਿਤ ਕੀਤਾ ਹੈ | ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਇਨ੍ਹਾਂ ਨੇ ਜ਼ਿੰਦਗੀ ਦੇ ਕਈ ਦਹਾਕੇ ਆਪਣਿਆਂ ਤੋਂ ਦੂਰ ਰਹਿ ਕੇ ਗੁਜ਼ਾਰੇ ਹਨ ਅਤੇ ਗੁਜ਼ਾਰ ਰਹੇ ਹਨ | ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਕੁਲਵਿੰਦਰ ਸਿੰਘ ਨਾਂਅ ਦੇ ਇਕ ਪੰਜਾਬੀ ਨੂੰ 64 ਸਾਲ ਬਾਅਦ ਬਰਤਾਨੀਆ ਦੀ ਨਾਗਰਿਕਤਾ ਮਿਲੀ ਹੈ | ਕੁਲਵਿੰਦਰ ਸਿੰਘ ਦਾ ਜਨਮ 15 ਮਾਰਚ 1955 ਨੂੰ ਗੁਰੂ ਕਾ ਚੱਕ ਪੰਜਾਬ ਵਿਚ ਹੋਇਆ ਅਤੇ ਉਸ ਸਿਰਫ਼ 1 ਮਹੀਨੇ ਦਾ ਸੀ ਜਦੋਂ ਆਪਣੀ ਮਾਂ ਦੇ ਨਾਲ ਉਸ ਦੇ ਭਾਰਤੀ ਪਾਸਪੋਰਟ 'ਤੇ ਯੂ. ਕੇ. ਆ ਗਿਆ | ਜਿੱਥੇ ਉਨ੍ਹਾਂ ਪਾਰਕ ਕਾਊਟੀ ਸਕੈਂਡਰੀ ਸਕੂਲ ਵਿਚ ਪੜ੍ਹਾਈ ਕੀਤੀ ਅਤੇ ਉਸ ਸਮੇਂ ਤੋਂ ਹੀ ਯੂ. ਕੇ. ਰਹਿ ਰਿਹਾ ਹੈ, ਇੱਥੇ ਹੀ ਕੰਮ ਕੀਤਾ, ਪਰ ਇਸ ਸਭ ਦੇ ਬਾਵਜੂਦ ਵੀ ਉਸ ਕੋਲ ਪਾਸਪੋਰਟ ਨਹੀਂ ਸੀ | ਕੁਲਵਿੰਦਰ ਸਿੰਘ ਉਨ੍ਹਾਂ ਵਿੰਡਰਸ਼ ਜਨਰੇਸ਼ਨ 'ਚ ਸ਼ਾਮਿਲ ਹੈ ਇਨ੍ਹਾਂ ਵਿਚ 13000 ਹੋਰ ਭਾਰਤੀ ਸ਼ਾਮਿਲ ਹਨ ਜੋ 1973 ਤੋਂ ਪਹਿਲਾਂ ਯੂ. ਕੇ. ਆਏ | ਅਸਲ ਵਿਚ 1948 ਤੋਂ 1971 ਤੱਕ ਯੂ. ਕੇ. 'ਚ ਕੈਰੇਬੀਅਨ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਵਿੰਡਰਸ਼ ਜਨਰੇਸ਼ਨ ਕਿਹਾ ਜਾਂਦਾ ਹੈ | ਵਿੰਡਰਸ਼ ਨਾਮ 22 ਜੂਨ 1948 ਨੂੰ ਯੂ. ਕੇ. ਆਉਣ ਵਾਲੇ ਉਸ ਜਹਾਜ਼ ਦੇ ਨਾਮ ਤੋਂ ਪਿਆ ਜਿਸ ਵਿਚ 492 ਲੋਕ ਸਵਾਰ ਸਨ, ਜੋ ਜਮੀਕਾ ਆਦਿ ਤੋਂ ਕੰਮ ਕਰਨ ਲਈ ਯੂ. ਕੇ. ਆਏ ਸਨ | ਇਸ ਬਾਰੇ ਜਾਣਕਾਰੀ ਦਿੰਦਿਆਂ ਇਮੀਗੇ੍ਰਸ਼ਨ ਵਕੀਲ ਗੁਰਪਾਲ ਸਿੰਘ ਉੱਪਲ ਨੇ ਦੱਸਿਆ ਕਿ ਯੂ. ਕੇ. ਸਰਕਾਰ ਕੋਲ 1973 ਤੋਂ ਪਹਿਲਾਂ ਆਉਣ ਵਾਲੇ ਬਹੁਤ ਸਾਰੇ ਲੋਕਾਂ ਦੇ ਲੋੜੀਂਦੇ ਦਸਤਾਵੇਜ਼ ਨਾ ਹੋਣ ਕਰ ਕੇ ਉਨ੍ਹਾਂ ਨੂੰ ਸਟੇਟਲਿਸ ਕਹਿ ਦਿੱਤਾ ਗਿਆ ਸੀ, ਇਨ੍ਹਾਂ ਪ੍ਰਭਾਵਿਤ ਹੋਣ ਵਾਲੇ ਹਜ਼ਾਰਾਂ ਲੋਕਾਂ ਵਿਚ ਲਗਪਗ 13000 ਭਾਰਤੀ ਵੀ ਸ਼ਾਮਿਲ ਸਨ | ਕੁਲਵਿੰਦਰ ਸਿੰਘ ਵੀ ਅਜਿਹੇ ਲੋਕਾਂ ਵਿਚ ਸ਼ਾਮਿਲ ਸੀ, ਜਿਸ ਨੂੰ ਹੁਣ 64 ਸਾਲ ਬਾਅਦ ਬਰਤਾਨਵੀ ਪਾਸਪੋਰਟ ਮਿਲਿਆ ਹੈ | ਉਹ ਜ਼ਿੰਦਗੀ 'ਚ ਕਦੇ ਵੀ ਪੰਜਾਬ ਜਾਂ ਭਾਰਤ ਨਹੀਂ ਗਿਆ | ਕੁਲਵਿੰਦਰ ਸਿੰਘ ਕੋਲ ਉਸ ਦੀ ਮਾਂ ਦੇ ਭਾਰਤੀ ਪਾਸਪੋਰਟ ਅਤੇ ਇਕ ਸਕੂਲ ਦੀ ਰਿਪੋਰਟ ਤੋਂ ਬਿਨਾਂ ਕੁਝ ਵੀ ਅਜਿਹਾ ਨਹੀਂ ਸੀ, ਜੋ ਉਸ ਨੂੰ ਯੂ. ਕੇ. ਵਿਚ ਰਹਿ ਰਿਹਾ ਸਾਬਤ ਕਰਦਾ ਹੋਵੇ | ਪਰ ਯੂ. ਕੇ. ਵਿਚ ਕੰਮ ਕਾਰ ਲਈ ਪਾਸਪੋਰਟ ਹੋਣਾ ਜ਼ਰੂਰੀ ਕਰਾਰ ਦਿੱਤੇ ਜਾਣ ਬਾਅਦ ਹਜ਼ਾਰਾਂ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ, ਇਨ੍ਹਾਂ ਬਾਰੇ ਸਰਕਾਰ ਕੋਲ ਕੋਈ ਰਿਕਾਰਡ ਹੀ ਨਹੀਂ ਸੀ |