You are here

ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 26 ਲੋਕਾਂ ਦੀ ਮੌਤ 

ਬੀਜਿੰਗ, ਜਨਵਰੀ 2020 - (ਏਜੰਸੀ)-

ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ | ਚੀਨ ਨੇ 13 ਸ਼ਹਿਰਾਂ 'ਚ ਯਾਤਰਾ ਪਾਬੰਦੀ ਲਾ ਦਿੱਤੀ ਹੈ | ਚੀਨ 'ਚ ਸਥਿਤ ਭਾਰਤੀ ਦੂਤਘਰ ਨੇ ਕੋਰੋਨਾ ਵਾਇਰਸ ਫੈਲਣ ਕਾਰਨ ਗਣਤੰਤਰ ਦਿਵਸ ਸਮਾਰੋਹ ਰੱਦ ਕਰ ਦਿੱਤਾ ਹੈ |ਚੀਨ 'ਚ ਇਸ ਨਾਲ 26 ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ 830 ਲੋਕਾਂ ਦੇ ਇਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋਈ ਹੈ | ਸਰਕਾਰ ਵਲੋਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 13 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ | ਜਿਨ੍ਹਾਂ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ ਉਨ੍ਹਾਂ 'ਚ ਹਵਾਈ ਉਡਾਣਾਂ, ਰੇਲਵੇ, ਜਨਤਕ ਤੇ ਨਿੱਜੀ ਆਵਾਜਾਈ ਵੀ ਸ਼ਾਮਿਲ ਹੈ | ਰਾਸ਼ਟਰੀ ਸਿਹਤ ਕਮਿਸ਼ਨ ਅਨੁਸਾਰ 20 ਸੂਬਿਆਂ 'ਚ 1072 ਸ਼ੱਕੀ ਕੇਸ ਸਾਹਮਣੇ ਆਏ ਹਨ | ਕਮਿਸ਼ਨ ਅਨੁਸਾਰ ਸਭ ਤੋਂ ਵੱਧ 24 ਮੌਤਾਂ ਹੁਬੇਈ ਸੂਬੇ ਦੇ ਕੇਂਦਰ 'ਚ, ਜਦੋਂਕਿ ਇਕ ਮੌਤ ਹੁਬੇਈ ਦੇ ਹੀ ਉੱਤਰੀ ਖੇਤਰ 'ਚ ਹੋਈ | ਇਸ ਤਰ੍ਹਾਂ ਦਾ ਰੋਗ ਪਹਿਲੀ ਵਾਰ ਵੇਖਿਆ ਗਿਆ ਹੈ | ਚੀਨ ਨੇ ਅੱਜ ਚਾਰ ਹੋਰ ਸ਼ਹਿਰਾਂ 'ਚ ਸ਼ੁੱਕਰਵਾਰ ਨੂੰ ਯਾਤਰਾ ਪਾਬੰਦੀ ਲਗਾ ਦਿੱਤੀ ਹੈ | ਇਸ ਨਾਲ ਸੀਲ ਕੀਤੇ ਸ਼ਹਿਰਾਂ ਦੀ ਗਿਣਤੀ 13 ਹੋ ਗਈ ਹੈ | ਝਿਜਿਆਂਗ ਨੇ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਲਗਪਗ ਸਾਰੇ ਕਾਰੋਬਾਰਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ, ਜਦਕਿ 8 ਲੱਖ ਦੀ ਆਬਾਦੀ ਵਾਲੇ ਐਨਸ਼ੀ ਨੇ ਸਾਰੇ ਮਨੋਰੰਜਕ ਸਥਾਨਾਂ ਨੂੰ ਬੰਦ ਕਰ ਦਿੱਤਾ ਹੈ | ਹੁਬੇਈ ਸੂਬੇ ਦੇ ਜਿਹੜੇ ਸ਼ਹਿਰ ਸੀਲ ਕੀਤੇ ਗਏ ਹਨ, ਉਨ੍ਹਾਂ 'ਚ ਵੁਹਾਨ, ਹੁਆਂਗਗੈਂਗ, ਏਜ਼ੋ, ਚਿਬੀ, ਸ਼ਿਆਨਤਾਓ, ਕਿਆਂਜ਼ਿਆਂਗ, ਝਿਜ਼ਿਆਂਗ, ਤੇ ਲਿਚੁਆਨ ਸ਼ਾਮਿਲ ਹਨ | ਵਾਇਰਸ ਦੇ ਡਰ ਨੇ ਚੰਦਰ ਨਵੇਂ ਸਾਲ (ਬਸੰਤ ਤਿਉਹਾਰ) ਦੇ ਜਸ਼ਨਾਂ ਨੂੰ ਫਿੱਕਾ ਪਾ ਦਿੱਤਾ | ਰਾਜਧਾਨੀ ਬੀਜਿੰਗ ਸਮੇਤ ਕਈ ਸ਼ਹਿਰਾਂ 'ਚ ਸਮਾਗਮ ਰੱਦ ਕਰ ਦਿੱਤੇ ਗਏ |