ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿੱਧਵਾਂ ਦੋਨਾ ਅਤੇ ਬਿਜਲੀ ਘਰ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨਾਂ ਸਮਾਰਟ ਸਕੂਲ ਦੇ ਸਮਾਰਟ ਕਲਾਸ ਰੂਮਾਂ, ਵਾਸ਼ਰੂਮਾਂ, ਸਾਫ਼-ਸਫ਼ਾਈ, ਹਰਿਆਲੀ, ਪੀਣ ਵਾਲੇ ਪਾਣੀ ਅਤੇ ਹੋਰਨਾਂ ਵਿਸ਼ੇਸ਼ ਸੁਵਿਧਾਵਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਜਿਥੇ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਉਥੇ ਇਨਾਂ ਵਿਚ ਪੜਾਈ ਦੇ ਮਿਆਰ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਕਪੂਰਥਲਾ ਜ਼ਿਲੇ ਦੇ ਬਹੁਤ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ, ਜਿਨਾਂ ਵਿਚੋਂ ਸਿੱਧਵਾਂ ਦੋਨਾ ਦਾ ਇਹ ਸਕੂਲ ਵੀ ਸ਼ਾਮਿਲ ਹੈ। ਇਸ ਦੌਰਾਨ ਉਨਾਂ ਸਿੱਖਿਆ ਅਧਿਕਾਰੀਆਂ ਨੂੰ ਜ਼ਿਲੇ ਵਿਚ ਮਿਆਰੀ ਸਿੱਖਿਆ ਨੂੰ ਯੋਜਨਾ ਬੱਧ ਢੰਗ ਨਾਲ ਪ੍ਰਫੁਲਿੱਤ ਕਰਨ ਦੀ ਹਦਾਇਤ ਕੀਤੀ।
ਇਸੇ ਤਰਾਂ ਉਨਾਂ ਸਿੱਧਵਾਂ ਦੋਨਾ ਵਿਖੇ ਲੱਗਭਗ ਤਿਆਰ ਹੋ ਚੁੱਕੇ 66 ਕੇ. ਵੀ ਸਬ-ਸਟੇਸ਼ਨ ਦਾ ਵੀ ਨਿਰੀਖਣ ਕੀਤਾ। ਉਨਾਂ ਦੱਸਿਆ ਕਿ ਇਸ ਗਿ੍ਰਡ ਦੇ ਚਾਲੂ ਹੋਣ ਨਾਲ ਸਿੱਧਵਾਂ ਦੋਨਾ ਅਤੇ ਲਾਗਲੇ ਅੱਠ ਪਿੰਡਾਂ ਨੂੰ ਵੱਡੀ ਸਹੂਲਤ ਮੁਹੱਈਆ ਹੋਵੇਗੀ। ਇਸ ਮੌਕੇ ਐਕਸੀਅਨ ਪਾਵਰਕਾਮ ਸ੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਸਬ-ਸਟੇਸ਼ਨ ਵਿਚ 12.5 ਐਮ. ਵੀ. ਏ ਟ੍ਰਾਂਸਫਾਰਮ ਲੱਗਾ ਹੈ ਅਤੇ ਇਸ ਤੋਂ 8 ਕੇ. ਵੀ ਫੀਡਰ ਨਿਕਲਣੇ ਹਨ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ ਸਿੱਧੂ, ਐਸ. ਡੀ. ਓ ਪਾਵਰਕਾਮ ਸ. ਗੁਰਨਾਮ ਸਿੰਘ ਬਾਜਵਾ ਅਤੇ ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ :ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿੱਧਵਾਂ ਦੋਨਾ ਦਾ ਨਿਰੀਖਣ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਜ਼ਿਲਾ ਸਿੱਖਿਆ ਅਫ਼ਸਰ ਸ. ਮੱਸਾ ਸਿੰਘ ਸਿੱਧੂ ਤੇ ਹੋਰ।
ਕੈਪਸ਼ਨ;ਸਿੱਧਵਾਂ ਦੋਨਾਂ ਵਿਖੇ 66 ਕੇ. ਵੀ ਸਬ ਸਟੇਸ਼ਨ ਦਾ ਮੁਆਇਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਐਕਸੀਅਨ ਪਾਵਰਕਾਮ ਸ੍ਰੀ ਅਸ਼ਵਨੀ ਕੁਮਾਰ, ਐਸ. ਡੀ. ਓ ਸ. ਗੁਰਨਾਮ ਸਿੰਘ ਤੇ ਹੋਰ।