ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ 'ਚ ਇਕ 7 ਨੁਕਾਤੀ ਮਤਾ ਵੀ ਪਾਸ
ਅਕਾਲੀ ਦਲ ਕਿਸੇ 'ਇਕ ਵਿਅਕਤੀ' ਜਾਂ 'ਪਰਿਵਾਰ' ਦੀ ਜਾਗੀਰ ਨਹੀਂ, ਸਗੋਂ 'ਇਕ ਸੋਚ ਅਤੇ ਸਿਧਾਂਤ'- ਬਾਗੀ ਅਕਾਲੀ
ਸੁਖਬੀਰ ਨੂੰ ਛੱਡ ਕੇ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ 'ਤੇ ਪੰਥ ਨੂੰ ਵੇਚ ਕੇ ਪੈਸੇ ਬਣਾਉਣ ਦਾ ਝੂਠਾ ਜਾਂ ਸੱਚਾ ਦੋਸ਼ ਨਹੀਂ ਲੱਗਾ-ਬਲਵੰਤ ਸਿੰਘ ਰਾਮੂਵਾਲੀਆ
ਮਾੜੇ ਕਾਰਨਾਮੇ ਕਰਨ ਵਾਲੇ ਮਹੰਤਾਂ ਤੋਂ ਛੁਟਕਾਰਾ ਪਾਉਣ ਲਈ ਇਕਜੁਟਤਾ 'ਤੇ ਜ਼ੋਰ-ਸੇਵਾ ਸਿੰਘ ਸੇਖਵਾਂ
ਨਵੀਂ ਦਿੱਲੀ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-
ਸ਼੍ਰੋਮਣੀ ਅਕਾਲੀ ਦਲ ਨੂੰ 'ਬਾਦਲ ਪਾਰਟੀ' ਬਣਾਉਣ ਦੇ ਕਥਿਤ ਇਲਜ਼ਾਮਾਂ ਨੂੰ ਲੈ ਕੇ ਪਾਰਟੀ ਦੇ ਬਾਗੀ ਅਤੇ ਹੋਰਨਾਂ ਸਿੱਖ ਆਗੂਆਂ ਨੇ ਸਨਿਚਰਵਾਰ ਨੂੰ 'ਸਫ਼ਰ-ਏ-ਅਕਾਲੀ ਲਹਿਰ' ਦੇ ਬੈਨਰ ਹੇਠ ਇਕ ਪ੍ਰੋਗਰਾਮ ਕਰਵਾਇਆ | ਜਿਸ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੰਦਿਆਂ ਬਾਗੀ ਆਗੂਆਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਕਾਲੀ ਦਲ ਕਿਸੇ 'ਇਕ ਵਿਅਕਤੀ' ਜਾਂ 'ਪਰਿਵਾਰ' ਦੀ ਜਾਗੀਰ ਨਹੀਂ, ਸਗੋਂ 'ਇਕ ਸੋਚ ਅਤੇ ਸਿਧਾਂਤ' ਹੈ | ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਦੇ ਮਾਵਲੰਕਰ ਹਾਲ ਵਿਖੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ 'ਚ ਇਕ 7 ਨੁਕਾਤੀ ਮਤਾ ਵੀ ਪਾਸ ਕੀਤਾ ਗਿਆ, ਜਿਸ 'ਚ ਮੁੱਖ ਤੌਰ 'ਤੇ ਸ੍ਰੀ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਨ ਦੀ ਆਵਾਜ਼ ਉਠਾਉਣ ਦਾ ਅਹਿਦ ਕੀਤਾ ਗਿਆ | ਕਿਸੇ ਵੇਲੇ ਵੱਖ-ਵੱਖ ਵਿਚਾਰਧਾਰਾਵਾਂ ਨੂੰ ਲੈ ਕੇ ਇਕ ਦੂਜੇ ਦੇ ਸਿਆਸੀ ਵਿਰੋਧੀ ਰਹਿ ਚੁੱਕੇ ਮਨਜੀਤ ਸਿੰਘ ਜੀ.ਕੇ. ਤੇ ਪਰਮਜੀਤ ਸਿੰਘ ਸਰਨਾ ਭਰਾਵਾਂ ਨੇ ਨਾ ਸਿਰਫ ਇਕੋ ਮੰਚ ਸਾਂਝਾ ਕੀਤਾ, ਸਗੋਂ 'ਸਿਆਸੀ ਜ਼ਬਾਨ' 'ਚ ਆਪਸ 'ਚ ਟਕਰਾਅ 'ਚੋਂ ਇਕੱਠੇ ਆਉਣ ਦਾ ਮੰਤਵ ਵੀ ਦੱਸਣ ਦੀ ਕੋਸ਼ਸ਼ ਕੀਤੀ ਗਈ | ਦਿੱਲੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਹੋਈ ਸਿੱਖ ਆਗੂਆਂ ਦੀ ਇਕਜੁੱਟਤਾ ਦਾ ਇਹ ਪ੍ਰੋਗਰਾਮ ਕੇਂਦਰ ਦੀ ਭਾਜਪਾ ਸਰਕਾਰ ਲਈ ਵੀ ਸ਼ਕਤੀ ਦੇ ਵਿਖਾਵੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ (ਭਾਜਪਾ) ਦੇ ਸ਼੍ਰੋਮਣੀ ਅਕਾਲੀ ਦਲ ਨਾਲ ਘੁੱਟੀ-ਨੱਪੀ ਨਾਰਾਜ਼ਗੀ ਦੇਰ ਸਵੇਰ ਸਾਹਮਣੇ ਆਉਂਦੀ ਰਹਿੰਦੀ ਹੈ | ਮੰਚ ਤੋਂ 'ਇਕੱਠੇ ਹੋਣ' ਤੋਂ ਵਧ 'ਇਕੱਠੇ ਬਣੇ ਰਹਿਣ' ਦੀ ਲੋੜ 'ਤੇ ਦਿੱਤੇ ਜ਼ੋਰ 'ਚ ਬੁਲਾਰਿਆਂ ਨੇ ਇਸ ਸੰਘਰਸ਼ ਨੂੰ ਸ਼ਾਹੀਨ ਬਾਗ (ਸੀ.ਏ.ਏ. ਿਖ਼ਲਾਫ਼ ਚੱਲ ਰਿਹਾ ਪ੍ਰਦਰਸ਼ਨ) ਦੇ ਮੋਰਚੇ ਵਾਂਗ ਮਜ਼ਬੂਤ ਬਣਾਉਣ ਦੀ ਹੁੰਕਾਰ ਦਿੱਤੀ | ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀ, ਟਰੱਕਾਂ ਅਤੇ ਟੈਕਸੀਆਂ ਵਾਲਿਆਂ ਤੇ ਦਲਿਤਾਂ ਨੂੰ ਵੀ ਨਾਲ ਲਿਆਉਣ 'ਤੇ ਜ਼ੋਰ ਦਿੱਤਾ | ਇਸ ਪ੍ਰੋਗਰਾਮ 'ਚ ਆਗੂਆਂ ਦੇ ਇਕੱਠ ਨੇ ਪਾਰਟੀ ਦੀ ਅਜੋਕੀ ਹਾਲਤ ਲਈ ਜਿਥੇ ਮੁੱਖ ਤੌਰ 'ਤੇ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਦੇ ਰਵੱਈਏ 'ਤੇ ਘੇਸਲ ਵੱਟਣ ਲਈ ਕਸੂਰਵਾਰ ਦੱਸਿਆ | ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਮੰਚ ਤੋਂ ਉਨ੍ਹਾਂ ਇਲਜ਼ਾਮਾਂ ਦਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਵੀ ਕੀਤੀ, ਜਿਸ 'ਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਆਖਰ ਪਾਰਟੀ ਛੱਡਣ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਇਹ ਖਾਮੀਆਂ ਕਿਉਂ ਨਜ਼ਰ ਆਈਆਂ? ਢੀਂਡਸਾ ਅਤੇ ਬ੍ਰਹਮਪੁਰਾ ਨੇ ਇਸ ਚੁੱਪੀ ਦਾ ਕਾਰਨ ਦੱਸਦਿਆਂ ਕਿਹਾ ਕਿ ਉਨ੍ਹਾਂ ਉਸ ਵੇਲੇ ਬੰਦ ਕਮਰੇ 'ਚ ਕਈ ਵਾਰ ਇਹ ਮਾਮਲਾ ਉਠਾਇਆ ਸੀ | ਦੋਵਾਂ ਆਗੂਆਂ ਨੇ ਕਿਹਾ ਕਿ ਸਿਰਫ ਗੱਲਾਂ-ਬਾਤਾਂ ਨਾਲ ਕੁਝ ਨਹੀਂ ਹੋਣਾ, ਬਲਕਿ ਸਿਰ 'ਤੇ ਕਫ਼ਨ ਬੰਨ੍ਹ ਕੇ ਮੁਕਾਬਲਾ ਕਰਨਾ ਪੈਣਾ ਹੈ | ਰਵੀਇੰਦਰ ਸਿੰਘ ਨੇ ਕਿਹਾ ਕਿ ਪੰਥ ਨੂੰ ਬਚਾਉਣ ਵਾਸਤੇ ਦਿੱਲੀ ਵਾਲਿਆਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ | ਸੇਵਾ ਸਿੰਘ ਸੇਖਵਾਂ ਨੇ ਮਾੜੇ ਕਾਰਨਾਮੇ ਕਰਨ ਵਾਲੇ ਮਹੰਤਾਂ ਤੋਂ ਛੁਟਕਾਰਾ ਪਾਉਣ ਲਈ ਇਕਜੁਟਤਾ 'ਤੇ ਜ਼ੋਰ ਦਿੱਤਾ | ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸੁਖਬੀਰ ਨੂੰ ਛੱਡ ਕੇ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ 'ਤੇ ਪੰਥ ਨੂੰ ਵੇਚ ਕੇ ਪੈਸੇ ਬਣਾਉਣ ਦਾ ਝੂਠਾ ਜਾਂ ਸੱਚਾ ਦੋਸ਼ ਨਹੀਂ ਲੱਗਾ | ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਸਿੱਖੀ ਦਾ ਬੂਟਾ ਹਰਾ ਹੈ, ਪਰ ਪੰਜਾਬ 'ਚ ਇਨ੍ਹਾਂ ਨੇ ਬੂਟੇ ਦੀਆਂ ਜੜ੍ਹਾਂ 'ਚ ਤੇਜ਼ਾਬ ਪਾਇਆ ਹੈ | ਪਿਛੋਕੜ 'ਚ ਮਹੰਤਾਂ ਕੋਲੋਂ ਗੁਰਧਾਮ ਆਜ਼ਾਦ ਕਰਵਾਉਣ ਲਈ ਸ਼ਹੀਦੀ ਦੇਣ ਵਾਲੇ ਭਾਈ ਲਛਮਣ ਸਿੰਘ ਦਾ ਜ਼ਿਕਰ ਕਰਦੇ ਹੋਏ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮੌਜੂਦਾ ਸਮੇਂ ਵੀ ਸਾਨੂੰ ਲਛਮਣ ਸਿੰਘ ਪੈਦਾ ਕਰਨੇ ਪੈਣੇ ਹਨ | ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇਕ ਵਿਅਕਤੀ ਦੀ ਜਾਗੀਰ ਨਹੀਂ, ਬਲਕਿ ਇਕ ਸੋਚ ਹੈ, ਜਿਸ ਨਾਲ ਦੁਨੀਆਂ ਭਰ ਦੇ ਸਿੱਖ ਜੁੜੇ ਹੋਏ ਹਨ | ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ 'ਤੇ ਕਾਬਜ਼ ਮੁਖੀਆਂ 'ਚ ਸਿਧਾਂਤਾਂ 'ਤੇ ਪਹਿਰਾ ਦੇਣ ਦਾ ਜਜ਼ਬਾ ਖਤਮ ਹੋ ਚੁੱਕਾ ਹੈ ਅਤੇ ਸੋਚ ਸਿਰਫ਼ ਸੱਤਾ ਹਾਸਲ ਕਰਨ ਤੱਕ ਹੀ ਸੀਮਤ ਰਹਿ ਗਈ ਹੈ | ਦੁਨੀਆ ਦੇ 65 ਮੁਲਕਾਂ 'ਚ ਫੈਲੇ ਅਤੇ ਪੰਜਵੇਂ ਸਭ ਤੋਂ ਵੱਡੇ ਧਰਮ ਦੀ ਨੁਮਾਇੰਦਗੀ ਲਈ ਨਵੇਂ ਮੰਚ ਦੇ ਗਠਨ ਦੀ ਫੌਰੀ ਲੋੜ 'ਤੇ ਜ਼ੋਰ ਦਿੰਦਿਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਕਾਲਜ ਜਾਂ ਯੂਨੀਵਰਸਿਟੀ ਦਾ ਪਿ੍ੰਸੀਪਲ ਸਹੀ ਨਾ ਹੋਵੇ ਤਾਂ ਕਸੂਰ ਉਸ ਸੰਸਥਾ ਦਾ ਨਹੀਂ, ਸਗੋਂ ਉਸ ਦੀ ਅਗਵਾਈ ਕਰਨ ਵਾਲੇ ਦਾ ਹੁੰਦਾ ਹੈ | ਇਸ ਲਈ ਲੋੜ ਸਿਰਫ਼ ਆਗੂ ਬਦਲਣ ਦੀ ਹੈ | ਇਸ ਪ੍ਰੋਗਰਾਮ 'ਚ ਹਰਵਿੰਦਰ ਸਿੰਘ ਸਰਨਾ, ਸਿੱਖ ਸਟੂਡੈਂਸ ਫੈਡਰੇਸ਼ਨ ਦੇ ਮੁਖੀ ਮਨਜੀਤ ਸਿੰਘ ਭੋਮਾ, ਸੁਖਇੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰ ਮੁਹੰਮਦ, ਸਰਬਜੀਤ ਸਿੰਘ ਜੰਮੂ, ਸਰਬਜੀਤ ਸਿੰਘ ਸੋਹਲ, ਬੀਬੀ ਮਨਦੀਪ ਕੌਰ ਬਖਸ਼ੀ, ਬੀਬੀ ਤਰਵਿੰਦਰ ਕੌਰ ਸਮੇਤ ਹੋਰ ਆਗੂਆਂ ਨੇ ਸ਼ਿਰਕਤ ਕੀਤੀ |