You are here

ਅਧਿਆਪਕ ਯੋਗਤਾ ਟੈਸਟ ਮੌਕੇ ਪ੍ਰੀਖਿਆ ਕੇਂਦਰਾਂ ਨੇੜੇ ਧਾਰਾ 144 ਲਾਗੂ

ਕਪੂਰਥਲਾ, ਜਨਵਰੀ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 19 ਜਨਵਰੀ 2020 ਨੂੰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਮੌਕੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਵਿਚ ਪ੍ਰੀਖਿਆਰਥੀਆਂ ਅਤੇ ਪ੍ਰੀਖਿਆ ਸਬੰਧੀ ਡਿੳੂਟੀ ’ਤੇ ਤਾਇਨਾਤ ਕਰਮਚਾਰੀਆਂ ਤੋਂ ਇਲਾਵਾ ਆਮ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 18 ਜਨਵਰੀ 2020 ਤੋਂ 19 ਜਨਵਰੀ 2020 ਤੱਕ ਲਾਗੂ ਰਹਿਣਗੇ। 

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2018 ਮਿਤੀ 19-01-2020 ਨੂੰ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਕੇਂਦਰਾਂ ਵਿਚ ਕਰਵਾਇਆ ਜਾ ਰਿਹਾ ਹੈ। ਇਹ ਰਾਜ ਪੱਧਰੀ ਪ੍ਰੀਖਿਆ ਬਹੁਤ ਹੀ ਸੰਵੇਦਨਸ਼ੀਲ ਹੈ। ਇਸ ਸਬੰਧੀ ਬੋਰਡ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਵਿਚ ਪ੍ਰੀਖਿਆਰਥੀਆਂ ਦੇ ਮਾਪੇ/ਰਿਸ਼ਤੇਦਾਰ/ਆਮ ਪਬਲਿਕ ਇਕੱਠੀ ਨਾ ਹੋ ਸਕੇ ਅਤੇ ਪ੍ਰੀਖਿਆ ਦਾ  ਸੁਚੱਜਾ ਸੰਚਾਲਣ ਸਹੀ ਢੰਗ ਨਾਲ ਯਕੀਨੀ ਬਣਾਉਣ ਲਈ ਅਤੇ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਦੇ ਮੱਦੇਨਜ਼ਰ ਇਹ ਮਹਿਸੂਸ ਕੀਤਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਲੋਕਾਂ ਦੀ ਇਕੱਤਰਤਾ ਨੂੰ ਰੋਕਣ ਲਈ ਦਫ਼ਾ 144 ਜ਼ਾਬਤਾ ਫ਼ੌਜਦਾਰੀ ਅਧੀਨ ਮਨਾਹੀ ਦੇ ਹੁਕਮ ਜਾਰੀ ਕੀਤੇ ਜਾਣੇ ਜ਼ਰੂਰੀ ਹਨ। 

 

ਫੋਟੋ -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ