You are here

72ਵੇਂ ਫੌਜ ਦਿਵਸ ਮੌਕੇ ਮਿੰਨੀ ਮੈਰਾਥਨ ਦਾ ਆਯੋਜਨ

ਭਾਰਤੀ ਫੌਜ ਲੋਕਾਂ ਦੀ ਸੇਵਾ 'ਚ ਹਰ ਸਮੇਂ ਹਾਜ਼ਰ - ਬ੍ਰਿਗੇਡੀਅਰ ਮਨੀਸ਼ ਅਰੋੜਾ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਲੁਧਿਆਣਾ, 15 ਜਨਵਰੀ (000) - 72ਵੇਂ ਫੌਜ ਦਿਵਸ ਮੌਕੇ ਮਿੰਨੀ ਮੈਰਾਥਨ ਦਾ ਆਯੋਜਨ ਸ਼ਹਿਰ ਵਿੱਚ ਕੀਤਾ ਗਿਆ ਜਿਸ ਵਿੱਚ 100 ਤੋਂ ਵਧੇਰੇ ਫੌਜੀ ਜਵਾਨਾ ਅਤੇ 600 ਤੋਂ ਵਧੇਰੇ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੇ ਭਾਗ ਲਿਆ। ਇਹ ਮੈਰਾਥਨ ਸਵੇਰੇ 6:30 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਰਵਾਨਾ ਹੋ ਕੇ ਵਾਇਆ ਦੁਰਗਾ ਮਾਤਾ ਮੰਦਿਰ, ਭਾਰਤ ਨਗਰ ਚੌਂਕ, ਭਾਈਵਾਲਾ ਚੌੱਕ, ਆਰਤੀ ਚੌਂਕ, ਘੁਮਾਰ ਮੰਡੀ, ਫੁਆਰਾ ਚੌਂਕ ਹੁੰਦੀ ਹੋਈ ਵਾਪਿਸ ਗੁਰੂ ਨਾਨਕ ਸਟੇਡੀਅਮ ਆ ਕੇ ਖ਼ਤਮ ਹੋਈ। ਇਸ ਦੌੜ ਦਾ ਆਯੋਜਨ ਢੋਲੇਵਾਲ ਮਿਲੀਟਰੀ ਕੰਪਲੈਕਸ ਵਿੱਚ ਤਾਇਨਾਤ ਬਾਜ਼ਰਾ ਏਅਰ ਡਿਫੈਂਸ ਬ੍ਰਿਗੇਡ ਵੱਲੋਂ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਮਨੀਸ਼ ਅਰੋੜਾ ਸਨ ਜਿਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਇਸ ਮੈਰਾਥਨ ਦਾ ਆਯੋਜਨ ਕਰਨ ਪਿੱਛੇ ਮਕਸਦ ਦੇਸ਼ ਵਾਸੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਗੂੜ੍ਹਾ ਕਰਨਾ ਅਤੇ ਨੌਜਵਾਨਾਂ ਨੂੰ ਭਾਰਤੀ ਫੌਜ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇਸ਼ ਅਤੇ ਦੇਸ਼ ਵਾਸੀਆਂ ਲਈ ਹਮੇਸ਼ਾ ਹਾਜ਼ਰ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤੀ ਫੌਜ ਦਾ ਹਿੱਸਾ ਬਣਕੇ ਦੇਸ਼ ਸੇਵਾ ਲਈ ਅੱਗੇ ਆਉਣ। ਇਸ ਮੈਰਾਥਨ ਦੌੜ ਵਿੱਚ 15 ਸਾਲ ਤੱਕ ਦੇ ਲੜਕਿਆਂ, ਲੜਕੀਆਂ ਅਤੇ 15 ਸਾਲ ਤੋਂ ਉੱਪਰ ਵਾਲੀਆਂ ਲੜਕੀਆਂ ਅਤੇ ਔਰਤਾਂ ਲਈ 5 ਕਿਲੋਮੀਟਰ ਦੀ ਮਿੰਨੀ ਮੈਰਾਥਨ ਅਤੇ 15 ਸਾਲ ਤੋਂ ਉੱਪਰ ਵਾਲੇ ਲੜਕਿਆਂ ਲਈ 10 ਕਿਲੋਮੀਟਰ ਦੀ ਮਿੰਨੀ ਮੈਰਾਥਨ ਕਰਵਾਈ ਗਈ। ਮੈਰਾਥਨ ਦੌਰਾਨ ਜੇਤੂ ਰਹੇ ਪ੍ਰਤੀਭਾਗੀਆਂ ਨੂੰ ਮੈਡਲ, ਸਰਟੀਫਿਕੇਟਾਂ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।