ਚੰਡੀਗੜ੍ਹ, ਜਨਵਰੀ 2020- (ਹਰਜਿੰਦਰ ਜਵੰਧਾ/ਮਨਜਿੰਦਰ ਗਿੱਲ )-
ਦਿਲਜੋਤ ਨੇ ਤਿੰਨ ਕੁ ਸਾਲ ਪਹਿਲਾਂ ਗੀਤਕਾਰ-ਗਾਇਕ ਤੋਂ ਅਦਾਕਾਰ ਬਣੇ ਹੈਪੀ ਰਾਏਕੋਟੀ ਦੀ ਫਿਲਮ 'ਟੇਸ਼ਨ' ਨਾਲ ਬਤੌਰ ਨਾਇਕਾ ਆਪਣੇ ਕੈਰੀਅਰ ਦੀ ਸ਼ੁੁਰੂਆਤ ਕੀਤੀ ਸੀ। ਭਾਵੇਂ ਕਿ ਇਹ ਫਿਲਮ ਬਹੁਤਾ ਨਾ ਚੱਲੀ ਪਰ ਦਿਲਜੋਤ ਦੇ ਕਿਰਦਾਰ ਦੀ ਚਰਚਾ ਬਹੁਤ ਹੋਈ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਚਰਚਾ ਤੋਂ ਬਾਅਦ ਦਿਲਜੋਤ ਪੰਜਾਬੀ ਪਰਦੇ ਤੋ ਅਲੋਪ ਹੀ ਹੋ ਗਈ। ਹੁਣ ਦਿਲਜੋਤ ਨਵੇਂ ਸਾਲ 2020 ਨਾਲ ਪੰਜਾਬੀ ਸਿਨੇਮੇ ਵੱਲ ਵਾਪਸੀ ਕਰ ਰਹੀ ਹੈ।ਆਗਾਮੀ 17 ਜਨਵਰੀ ਨੂੰ ਉਸਦੀ ਨਵੀਂ ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਉਹ ਬਤੌਰ ਨਾਇਕਾ ਅਦਾਕਾਰ ਜੌਰਡਨ ਸੰਧੂ ਨਾਲ ਨਜ਼ਰ ਆਵੇਗੀ। ਨਿਰਮਾਤਾ ਅਮਨ ਚੀਮਾ ਦੀ ਇਹ ਫਿਲਮ ਉਸਦੇ ਫਿਲਮੀ ਕੈਰੀਅਰ ਨੂੰ ਮੁੜ ਲੀਹ 'ਤੇ ਲੈ ਕੇ ਆਵੇਗੀ ਕਿਉਂਕਿ ਇਹ ਫਿਲਮ ਅੱਜ ਦੇ ਸਮੇਂ ਦੀ ਕਹਾਣੀ ਅਧਾਰਤ ਹੈ ਜੋ ਰੁਮਾਂਟਿਕਤਾ ਅਤੇ ਕਾਮੇਡੀ ਭਰਪੂਰ ਹੈ। ਦਿਲਜੋਤ ਦਾ ਕਿਰਦਾਰ ਇੱਕ ਬਿਜਲੀ ਮਹਿਕਮੇ ਦੀ ਮੁਲਾਜਮ ਕੁੜੀ ਦਾ ਹੈ। ਜੋ ਰੇਡੀਓ 'ਤੇ ਕੰਮ ਕਰਦੇ ਜੌਰਡਨ ਸੰਧੂ ਨੂੰ ਦਿਲੋਂ ਪਿਆਰ ਕਰਦੀ ਹੈ ਦੋਵੇਂ ਆਪਣੇ ਭਵਿੱਖ ਅਤੇ ਪਿਆਰ ਨੂੰ ਸਫ਼ਲ ਬਣਾਉਣ ਦੀ ਸੋਚ ਰੱਖਦੇ ਹਨ। ਜੌਰਡਨ ਸੰਧੂ ਇੱਕ ਰੇਡੀਓ ਸਟੇਸ਼ਨ 'ਤੇ ਆਰ ਜੇ ਹੈ ਤੇ ਵਧੀਆਂ ਗਾਇਕ ਬਣਨਾ ਚਾਹੁੰਦਾ ਹੈ। ਇਸ ਫਿਲਮ ਵਿੱਚ ਜੌਰਡਨ ਸੰਧੂ ਤੇ ਦਿਲਜੋਤ ਦੀ ਮੁੱਖ ਜੋੜੀ ਤੋਂ ਇਲਾਵਾ ਬੀ ਐਨ ਸ਼ਰਮਾ, ਅਨੀਤਾ ਸਬਦੀਸ਼ ,ਪ੍ਰਕਾਸ਼ ਗਾਧੂ, ਨੀਟੂ ਪੰਧੇਰ,ਰਾਜ ਧਾਲੀਵਾਲ, ਦਿਲਾਵਰ ਸਿੱਧੂ, ਵਿਜੇ ਟੰਡਨ ਤੇ ਰਵਿੰਦਰ ਮੰਡ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਆਪਣੇ ਇਸ ਕਿਰਦਾਰ ਤੋਂ ਦਿਲਜੋਤ ਨੂੰ ਬਹੁਤ ਆਸਾਂ ਹਨ। ਦਿਲਜੋਤ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਚੰਗੇ ਕਿਰਦਾਰਾਂ ਨੂੰ ਹੀ ਤਰਜੀਹ ਦੇਵੇਗੀ।