ਆਦਰਸ਼ ਸਮਾਜ ਦਾ ਮੂਲ ਮੰਤਰ
ਸਾਡੇ ਮੌਜੂਦਾ ਸਮਾਜ ਨੂੰ ਫਰੋਲਿਆ ਜਾਵੇ ਤਾਂ ਅਨੇਕਾਂ ਹੀ ਸਮੱਸਿਆਵਾਂ ਸਾਡੇ ਸਾਹਮਣੇ ਮੂੰਹ ਅੱਡ ਕੇ ਖਲੋਈਆਂ ਮਿਲਣਗੀਆਂ ਤੇ ਅਸੀਂ
ਉਹਨਾਂ ਸਮੱਸਿਆਵਾਂ ਲਈ ਜ਼ਿੰਮੇਵਾਰ ਸਿੱਧੇ ਤੌਰ ਤੇ ਦੂਜਿਆਂ ਅਤੇ ਵਿਵਸਥਾ ਨੂੰ ਦੇ ਛੱਡਾਂਗੇ, ਜੋ ਕਿ ਸਾਡੀ ਅੰਤਰਝਾਤ ਤੋਂ ਮੂੰਹ ਮੋੜਨਾ ਹੈ।
ਇਹ ਸਾਡਾ ਸੁਭਾਅ ਬਣ ਚੁੱਕਾ ਹੈ ਕਿ ਮੈਂ ਸੱਚਾ ਬਾਕੀ ਸਭ ਝੂਠ ਜਦਕਿ ਅਸਲੀਅਤ ਇਸਤੋਂ ਵੱਖਰੀ ਹੈ ਤੇ ਜੇ ਇਹ ਕਹਿ ਲਿਆ ਜਾਵੇ ਕਿ
ਸਾਡੇ ਸਮਾਜ ਵਿੱਚ ਹਰ ਬੰਦਾ ਸਮਾਜਿਕ ਸਮੱਸਿਆਵਾਂ ਦੀ ਪੰਡ ਲਈ ਬੈਠਾ ਹੈ ਤੇ ਦੋਸ਼ੀ ਦੂਜਿਆਂ ਨੂੰ ਸਮਝ ਰਿਹਾ ਹੈ ਤਾਂ ਇਹ ਕੋਈ ਅੱਤ
ਕੱਥਨੀ ਨਹੀਂ।
ਇਹ ਦੋਗਲੀ ਫਿਤਰਤ ਹੈ ਕਿ ਜੇਕਰ ਮੱਖੀ ਚਾਹ ਵਿੱਚ ਡਿੱਗੇ ਤਾਂ ਬੰਦਾ ਚਾਹ ਸੁੱਟ ਦਿੰਦਾ ਹੈ ਅਤੇ ਜੇਕਰ ਮੱਖੀ ਦੇਸੀ ਘਿਉ ਵਿੱਚ ਡਿੱਗੇ ਤਾਂ
ਘਿਉ ਨਹੀਂ ਸੁੱਟਦਾ ਸਗੋਂ ਮੱਖੀ ਕੱਢ ਕੇ ਸੁੱਟ ਦਿੰਦਾ ਹੈ। ਪਾਣੀ ਹਮੇਸ਼ਾ ਨੀਵਾਣ ਵੱਲ ਨੂੰ ਹੀ ਆਉਂਦਾ ਹੈ, ਇਹ ਵਿਵਹਾਰ ਰੂਪੀ ਆਮ ਕਹੀ
ਸੁਣੀ ਵਿੱਚ ਵੇਖਣ ਨੂੰ ਮਿਲ ਜਾਂਦਾ ਹੈ ਕਿ ਕਿਸੇ ਮਸਲੇ ਤੇ ਮਾੜੇ ਬੰਦੇ ਦੇ ਅਗਲਾ ਥੱਪੜ ਮਾਰਦਾ ਹੈ ਜਦਕਿ ਤਕੜੇ ਨੂੰ ਗਾਲ ਕੱਢ ਕੇ ਜਾਂ ਮੂੰਹ
ਨੂੰ ਸੱਤੂ ਮਾਰ ਮਨ ਮਸੋਸ ਕਰਕੇ ਰਹਿ ਜਾਂਦਾ ਹੈ।
ਆਪਣੇ ਚਰਿੱਤਰ ਦਾ ਨਿਰਮਾਣ ਕਰਨਾ ਇੱਕ ਆਦਰਸ਼ ਸਮਾਜ ਦੀ ਸਥਾਪਨਾ ਦਾ ਮੂਲ ਹੈ। ਆਪਣੀਆਂ ਕੱਛ ਚ ਤੇ ਦੂਜੇ ਦੀਆਂ ਹੱਥ ਚ
ਆਦਰਸ਼ ਵਿਅਕਤੀ ਦਾ ਚਰਿੱਤਰ ਨਹੀਂ ਹੋ ਸਕਦਾ। ਸਵੈ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਕਹਿਣਾ ਜਿੰਨਾ ਆਸਾਨ ਲੱਗ ਰਿਹਾ ਹੈ ਅਸਲ
ਚ ਉਹਨਾਂ ਹੀ ਔਖਾ ਹੈ ਕਿਉਂਕਿ ਆਪਣੇ ਸਾਧਾਰਣ ਵਿਵਹਾਰਿਕ ਵਿੱਚ ਸੁਧਾਰ ਸੌਖਾਲਿਆਂ ਨਹੀਂ ਆਉਂਦਾ, ਇਸ ਲਈ ਦ੍ਰਿੜ ਇੱਛਾ ਸ਼ਕਤੀ
ਤੇ ਦ੍ਰਿੜ ਸੰਕਲਪ ਤੋਂ ਕੰਮ ਲਿਆ ਜਾ ਸਕਦਾ ਹੈ। ਆਦਰਸ਼ ਸਖਸ਼ੀਅਤ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਲੇ ਦੁਆਲੇ ਦੀ ਸਥਿਤੀ,
ਘਟਨਾਵਾਂ ਪ੍ਰਤੀ ਸਾਰਥਕ ਨਜ਼ਰੀਏ ਨਾਲ ਜਾਗਰੂਕ ਹੋਵੇ ਅਤੇ ਉਹਨਾਂ ਪ੍ਰਤੀ ਸਾਰਥਕ ਨਜ਼ਰੀਆ ਰੱਖੇ, ਜਿੱਥੇ ਸੁਧਾਰਾਂ ਦੀ ਗੁੰਜਾਇਸ਼ ਹੋਵੇ,
ਉੱਥੇ ਸ਼ੁਰੂਆਤ ਵੀ ਖ਼ੁਦ ਤੋਂ ਹੀ ਕੀਤੀ ਜਾਵੇ ਤਾਂ ਵਧੇਰੇ ਪ੍ਰਭਾਵਸ਼ਾਲੀ ਅਤੇ ਆਤਮ ਵਿਸ਼ਵਾਸ ਵਰਧਕ ਹੋਵੇਗੀ। ਆਦਰਸ਼ ਸਮਾਜ ਦੀ
ਸਥਾਪਨਾ ਲਈ ਜਰੂਰੀ ਹੈ ਕਿ ਵਾਸ਼ਿੰਦਿਆਂ ਨੂੰ ਕਿਤਾਬਾ ਪੜ੍ਹਣ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਜਿੱਥੇ ਕਿਤਾਬਾਂ ਤੁਹਾਨੂੰ ਆਪਣੇ
ਬਾਰੇ ਦੱਸਦੀਆਂ ਹਨ ਉੱਥੇ ਹੀ ਤੁਹਾਨੂੰ ਦੂਜਿਆਂ ਬਾਰੇ ਵੀ ਦੱਸਦੀਆਂ ਹਨ।
ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ : ਸੰਗਰੂਰ (ਪੰਜਾਬ)
ਈਮੇਲ : bardwal.gobinder@gmail.com