You are here

ਇਕ ਮਹੀਨੇ 'ਚ 200 ਪੌਡ ਤੋਂ 1 ਲੱਖ 10 ਹਜ਼ਾਰ ਪੌਾਡ ਬਣਾਉਣ ਵਾਲਾ ਪੰਜਾਬੀ ਜਾਂਚ ਦੇ ਘੇਰੇ 'ਚ

ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-  ਡਾਕਟਰੀ ਦੀ ਪੜ੍ਹਾਈ ਕਰ ਰਿਹਾ 20 ਸਾਲਾ ਪੰਜਾਬੀ ਮੂਲ ਦਾ ਵਿਦਿਆਰਥੀ ਗੁਰਵਿਨ ਸਿੰਘ ਨਵੇਂ ਸਾਲ ਦੇ ਪਹਿਲੇ ਦਿਨ ਹੀ ਉਸ ਵੇਲੇ ਚਰਚਾ 'ਚ ਆਇਆ ਜਦੋਂ ਉਸ ਨੇ 200 ਪੌਡ ਤੋਂ ਇਕ ਮਹੀਨੇ ਦੌਰਾਨ ਹੀ 1 ਲੱਖ 10 ਹਜ਼ਾਰ ਪੌਡ ਬਣਾਉਣ ਦਾ ਦਾਅਵਾ ਕੀਤਾ | ਪੋਲੀਮਾਊਥ ਦੇ ਰਹਿਣ ਵਾਲੇ ਗੁਰਵਿਨ ਨੇ ਇਕ ਦੁਕਾਨਦਾਰ ਕੋਲ 2000 ਪੌਡ 10 ਪੌਡ ਦੇ ਨੋਟ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਹ ਜਨਵਰੀ 'ਚ ਆਪਣਾ ਪਹਿਲਾ ਮਿਲੀਅਨ ਬਣਾਏਗਾ | ਯੂ. ਕੇ. ਦੀ ਵਿੱਤੀ ਅਥਾਰਿਟੀ (ਐਫ. ਸੀ. ਏ.) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ | ਜਾਂਚ ਵਿਭਾਗ ਅਨੁਸਾਰ ਗੁਰਵਿਨ ਸਿੰਘ ਅਤੇ ਦੋ ਕਾਰੋਬਾਰ ਜੀ ਐਸ 3 ਟਰੇਡਸ ਲਿਮਟਿਡ ਅਤੇ ਜੀ ਐਸ 3 ਮਾਰਕੀਟਿੰਗ ਲਿਮਟਿਡ ਵਲੋਂ ਕੁਝ ਅਣ ਅਧਿਕਾਰਤ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਸਬੰਧ ਗੁਰਵਿਨ ਸਿੰਘ ਡਾਟ ਕਾਮ ਤੇ ਉਸ ਦੇ ਇੰਸਟਾਗ੍ਰਾਮ ਖਾਤਿਆਂ ਨਾਲ ਹੈ | ਐਫ. ਸੀ. ਏ. ਨੇ ਕਿਹਾ ਕਿ ਆਮ ਤੌਰ 'ਤੇ ਸਾਰੀਆਂ ਵਿੱਤੀ ਫ਼ਰਮਾਂ ਅਤੇ ਨਿੱਜੀ ਲੋਕਾਂ ਨੂੰ ਵਿੱਤੀ ਸੇਵਾਵਾਂ ਜਾਂ ਵਿੱਤੀ ਕਾਰੋਬਾਰ ਚਲਾਉਣ ਲਈ ਸਾਥੋਂ ਮਾਨਤਾ ਲੈਣੀ ਹੁੰਦੀ ਹੈ | ਜਦਕਿ ਕੁਝ ਫ਼ਰਮਾਂ ਬਿਨਾਂ ਮਾਨਤਾ ਤੋਂ ਚੱਲਦੀਆਂ ਹਨ ਅਤੇ ਕੁਝ ਘਪਲੇ ਕਰਦੇ ਹਨ | ਐਫ. ਸੀ. ਏ. ਨੇ ਸਪਸ਼ਟ ਕੀਤਾ ਕਿ ਇਹ ਫਰਮ ਉਨ੍ਹਾਂ ਵਲੋਂ ਮਾਨਤਾ ਪ੍ਰਾਪਤ ਨਹੀਂ ਹੈ, ਪਰ ਕੁਝ ਗ਼ਲਤ ਕੀਤੇ ਜਾਣ ਦੀ ਅਜੇ ਪੁਸ਼ਟੀ ਨਹੀਂ ਕੀਤੀ |
ਗੁਰਵਿਨ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਕੁਝ ਵੀ ਗ਼ਲਤ ਨਹੀਂ ਕਰ ਰਿਹਾ | ਉਹ ਖ਼ੁਦ ਕੰਪਨੀ ਡਾਇਰੈਕਟਰ ਤੇ ਕਾਮਾ ਹੈ | ਉਸ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ |