You are here

ਰੰਧਾਵਾ ਖ਼ਿਲਾਫ ਬੇਅਦਬੀ ਦਾ ਕੇਸ ਦਰਜ ਕੀਤਾ ਜਾਵੇ-ਗਰੇਵਾਲ 

ਚੰਡੀਗੜ੍ਹ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਘੋਰ ਬੇਅਦਬੀ ਕਰਨ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਮੀਤ ਪ੍ਰਧਾਨ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਸਾਹਿਬ ਦਾ ਮਜ਼ਾਕ ਉਡਾਉਣ ਲਈ ਰੰਧਾਵਾ ਖ਼ਿਲਾਫ ਭਾਰਤੀ ਦੰਡ ਧਾਰਾ 295 ਤਹਿਤ ਕੇਸ ਦਰਜ ਕਰਨਾ ਚਾਹੀਦਾ ਹੈ ਅਤੇ ਸੂਬਾ ਸਰਕਾਰ ਨੂੰ ਤੁਰੰਤ ਰੰਧਾਵਾ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਅਤੇ ਨਾਲ ਹੀ ਕਾਂਗਰਸ ਪਾਰਟੀ ਨੂੰ ਆਪਣੇ ਸੀਨੀਅਰ ਪਾਰਟੀ ਮੈਂਬਰ ਵੱਲੋਂ ਕੀਤੀ ਇੰਨੀ ਵੱਡੀ ਬੇਅਦਬੀ ਲਈ ਸਮੁੱਚੀ ਸਿੱਖ ਸੰਗਤ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਪਾਸੇ ਅਸੀਂ ਗੁਰੂ ਸਾਹਿਬ ਦਾ 550ਵਾਂ ਪਰਕਾਸ਼ ਪੁਰਬ ਮਨਾ ਰਹੇ ਹਾਂ ਅਤੇ ਦੂਜੇ ਪਾਸੇ ਮੰਤਰੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਉਡਾ ਕੇ ਉਹਨਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ।
ਅਕਾਲੀ ਆਗੂ ਨੇ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਇਸਾਈ ਭਾਈਚਾਰੇ ਨੇ ਅਜਨਾਲਾ ਵਿਚ ਹੋਈ ਬੇਅਦਬੀ ਦੀ ਸ਼ਿਕਾਇਤ ਕੀਤੀ ਸੀ ਤਾਂ ਤੁਰੰਤ ਕੇਸ ਦਰਜ ਹੋ ਗਿਆ ਸੀ।ਪਰੰਤੂ ਇਸ ਮਾਮਲੇ ਵਿਚ ਜਾਣਬੁੱਝ ਕੇ ਕਾਂਗਰਸੀ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਉਸ ਖ਼ਿਲਾਫ ਕੇਸ ਦਰਜ ਕਰਨ ਵਾਸਤੇ ਲੋੜੀਂਦਾ ਸਬੂਤ ਮੌਜੂਦ ਹੈ। ਸਰਦਾਰ ਗਰੇਵਾਲ ਨੇ ਕਿਹਾ ਕਿ ਰੰਧਾਵਾ ਵੱਲੋਂ ਦਿੱਤੇ ਬਿਆਨ ਕਿ ਇਹ ਵੀਡਿਓ ਉਸ ਨੂੰ ਫਸਾਉਣ ਲਈ ਝੂਠੀ ਬਣਾਈ ਗਈ ਹੈ, ਦੀ ਜਾਂਚ ਕੀਤੀ ਜਾ ਸਕਦੀ ਹੈ। ਇਹ ਜਾਂਚ ਹੋਣੀ ਚਾਹੀਦੀ ਹੈ। ਹੈਦਰਾਬਾਦ ਦੀ ਲੈਬੋਰੇਟਰੀ ਇਸ ਦੀ ਜਾਂਚ ਕਰ ਸਕਦੀ ਹੈ ਇਹ ਆਵਾਜ਼ ਰੰਧਾਵਾ ਦੀ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਰੰਧਾਵਾ ਖ਼ਿਲਾਫ ਕੇਸ ਦਰਜ ਕਰਨ ਅਤੇ ਇਸ ਦੀ ਨਿਰਪੱਖ ਜਾਂਚ ਦਾ ਆਦੇਸ਼ ਦੇਣਾ ਚਾਹੀਦਾ ਹੈ ਤਾਂ ਹੀ ਕਿ ਸੀਨੀਅਰ ਮੰਤਰੀ ਵੱਲੋਂ ਕੀਤੀ ਬੇਅਦਬੀ ਸਦਕਾ ਭੜਕਿਆ ਸਿੱਖ ਸੰਗਤ ਦਾ ਗੁੱਸਾ ਕੁੱਝ ਠੰਡਾ ਹੋ ਸਕੇ।
ਸਰਦਾਰ ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ। ਇਸ ਮਾਮਲੇ ਵਿਚ ਤੁਰੰਤ ਇਨਸਾਫ ਹੋਣਾ ਚਾਹੀਦਾ ਹੈ, ਕਿਉਂਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਚਾਹੁੰਦੀ ਹੈ ਕਿ ਉਹਨਾਂ ਦੇ ਸਤਿਕਾਰਯੋਗ ਗੁਰੂ ਸਾਹਿਬ ਦਾ ਮਜ਼ਾਕ ਉਡਾਉਣ ਵਾਲੇ ਦੋਸ਼ੀ ਨੂੰ ਤੁਰੰਤ ਸਜ਼ਾ ਮਿਲਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਮੁੱਖ ਮੰਤਰੀ ਕੋਲੋਂ ਸੁਖਜਿੰਦਰ ਰੰਧਾਵਾ ਦੀ ਤੁਰੰਤ ਬਰਖਾਸਤਗੀ ਅਤੇ ਪੁਲਿਸ ਕੋਲੋਂ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਾ ਹੈ। ਉਹਨਾਂ ਕਿਹਾ ਕਿ ਰੰਧਾਵਾ ਆਪਣੇ ਖਿਲਾਫ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਸਕਦਾ ਹੈ। ਉਸ ਵੱਲੋਂ ਵੀਡਿਓ ਨੂੰ ਝੂਠਾ ਕਰਾਰ ਦੇਣਾ ਵੀ ਬੇਅਦਬੀ ਦੇ ਇਸ ਸੰਗੀਨ ਅਪਰਾਧ ਤੋਂ ਬਚਣ ਦੀ ਇੱਕ ਚਾਲ ਹੈ।