ਨਵੀਂ ਦਿੱਲੀ, 27 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਘੱਟ ਕੰਮਕਾਰ ਸਬੰਧੀ ਬੁੱਧਵਾਰ ਨੂੰ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ। ‘ਕੌਮੀ ਯੁਵਾ ਸੰਸਦ ਉਤਸਵ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੰ ਆਪੋ-ਆਪਣੇ ਰਾਜਾਂ ਦੇ ਰਾਜ ਸਭਾ ਮੈਂਬਰਾਂ ਨੂੰ ਸਵਾਲ ਪੁੱਛਣ ਲਈ ਕਿਹਾ ਤਾਂ ਕਿ ਉਨ੍ਹਾਂ ’ਤੇ ਦੇਸ਼ ਵਿਆਪੀ ਦਬਾਅ ਬਣੇ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 16ਵੀਂ ਲੋਕ ਸਭਾ ਵਿਚ 85 ਫੀਸਦ ਕੰਮਕਾਰ ਹੋਇਆ ਹੈ ਤੇ 205 ਬਿੱਲ ਪਾਸ ਹੋਏ ਹਨ। ਇਸ ਦਾ ਸਿਹਰਾ ਉਨ੍ਹਾਂ ਨੇ 2014 ਦੀਆਂ ਆਮ ਚੋਣਾਂ ਵਿਚ ਵੋਟਰਾਂ ਦੁਆਰਾ ਭਾਜਪਾ ਨੂੰ ਪੂਰਨ ਬਹੁਮਤ ਦਿੱਤੇ ਜਾਣ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਪਿਛਲੇ ਸੈਸ਼ਨ ਦੌਰਾਨ ਰਾਜ ਸਭਾ ਵਿਚ ਸਿਰਫ਼ 8 ਫੀਸਦ ਕੰਮ ਹੋਣਾ ਫ਼ਿਕਰ ਦੀ ਗੱਲ ਹੈ, ਜਿੱਥੇ ਅੰਤਰਿਮ ਬਜਟ ਪਾਸ ਕੀਤਾ ਗਿਆ ਹੈ। ‘ਅਪਰੈਲ-ਮਈ’ ਵਿਚ ਆਮ ਚੋਣਾਂ ਹੋਣ ਵਾਲੀਆਂ ਹਨ ਤੇ ਮੋਦੀ ‘ਵਿਕਾਸ’ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਫਿਰ ਤੋਂ ਸਪੱਸ਼ਟ ਬਹੁਮਤ ਚਾਹੁੰਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਭਾਜਪਾ ਨੂੰ ਪੂਰਨ ਬਹੁਮਤ ਮਿਲਣ ਨਾਲ ਇਕ ਮਜ਼ਬੂਤ ਸਰਕਾਰ ਬਣੇਗੀ। ਰਾਜ ਸਭਾ ਵਿਚ ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਵੱਖ-ਵੱਖ ਮੌਕਿਆਂ ’ਤੇ ਹੱਥ ਮਿਲਾਇਆ ਹੈ।
ਕੌਮੀ ਯੁਵਾ ਸੰਸਦ ਉਤਸਵ 2019 ਵਿਚ ਪੁਰਸਕਾਰ ਪ੍ਰਦਾਨ ਕਰਨ ਤੋਂ ਬਾਅਦ, ਮੋਦੀ ਨੇ ਨੌਜਵਾਨਾਂ ਨੂੰ ਘਰ ਪਰਤ ਕੇ ਆਪਣੇ ਰਾਜਾਂ ਦੇ ਰਾਜ ਸਭਾ ਮੈਂਬਰਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾ ਕੇ ਉਨ੍ਹਾਂ ਤੋਂ ਸਵਾਲ ਪੁੱਛਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਮੁਕਾਬਲੇਬਾਜ਼ਾਂ ਨੂੰ ਇੰਡੀਆ ਗੇਟ ਕੰਪਲੈਕਸ ਦੇ ਨਜ਼ਦੀਕ ਸਥਿਤ ਦੇਸ਼ ਦੇ ਕੌਮੀ ਸਮਾਰਕ ਤੇ ਕੇਂਦਰੀ ਦਿੱਲੀ ਸਥਿਤ ਰਾਸ਼ਟਰੀ ਪੁਲੀਸ ਸਮਾਰਕ ਦੇਖਣ ਦੀ ਅਪੀਲ ਕੀਤੀ। ਮੋਦੀ ਨੇ ਨੌਜਵਾਨਾਂ ਨੂੰ ਡਿਜੀਟਲ ਲੈਣ-ਦੇਣ ਲਈ ਵੀ ਪ੍ਰੇਰਿਆ। ਦੱਸਣਯੋਗ ਹੈ ਕਿ ਉਨ੍ਹਾਂ ਸੋਮਵਾਰ ਨੂੰ ਸਮਾਰਕ ਦਾ ਉਦਘਾਟਨ ਕੀਤਾ ਸੀ। ਗੱਲਬਾਤ ਨਾਲ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਇਸ ਪ੍ਰੋਗਰਾਮ ਨੂੰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਹੈ ਤੇ ਭਵਿੱਖ ਵਿਚ ਇਸ ਨੂੰ ਰਚਨਾਤਮਕ ਬਣਾਉਣ ਲਈ ਕਿਸ ਤਰ੍ਹਾਂ ਦੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਇਸ ’ਤੇ ਉਨ੍ਹਾਂ ਮੁਕਾਬਲੇਬਾਜ਼ਾਂ ਨੂੰ ਆਪਣੀ ਪ੍ਰਤੀਕਿਰਿਆ ਤੇ ਸੁਝਾਅ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਲਈ ਇਕ ਆਨਲਾਈਨ ਪ੍ਰਣਾਲੀ ਵੀ ਚਲਾਈ ਜਾ ਸਕਦੀ ਹੈ।