ਤਿੰਨ ਦਿਨਾਂ ਵਰਕਸ਼ਾਪ 'ਚ ਸੰਗੀਤ ਦੇ ਮਾਹਰਾਂ ਵੱਲੋਂ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਗੇ।
ਲੁਧਿਆਣਾ 8 ਜੂਨ (ਕਰਨੈਲ ਸਿੰਘ ਐੱਮ.ਏ.)-ਜਗਤ ਦੇ ਅਮੁੱਲੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਗੁਰਬਾਣੀ ਨੂੰ ਸਮੁੱਚੀ ਲੋਕਾਈ ਵਿੱਚ ਪ੍ਰਚਾਰ ਤੇ ਪ੍ਰਸਾਰ ਲਈ ਜੀਵਨ ਭਰ ਸੁਚੇਤਤਾ ਨਾਲ ਕਾਰਜਸ਼ੀਲ ਰਹੇ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਨੇ ਪੰਜਾਬ ਦੇ ਕੇਂਦਰੀ ਜਿਲ੍ਹਾ ਲੁਧਿਆਣਾ ਚ ਜਵੱਦੀ ਕਲਾਂ ਦੇ ਸਥਾਨ ਤੇ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਨੂੰ ਕੇਂਦਰ ਬਣਾ ਕੇ "ਜਵੱਦੀ ਟਕਸਾਲ" ਦੀ ਸਿਰਜਣਾ ਕੀਤੀ। ਮਹਾਂਪੁਰਸ਼ਾਂ ਦੇ ਸੱਚਖੰਡ ਜਾ ਬਿਰਾਜਣ ਉਪਰੰਤ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੀ ਗੁਰੂ ਸਾਹਿਬ ਜੀ ਵੱਲੋਂ ਗੁਰਬਾਣੀ ਕੀਰਤਨ ਦੀ ਜੁਗਤ ਨੁੰ ਸਮੁੱਚੀ ਸਿੱਖ ਸੰਗਤ ਵਿੱਚ ਵਿਕਾਸ ਤੇ ਵਿਗਾਸ ਲਈ ਨਿਰੰਤਰ ਕਾਰਜ਼ਸ਼ੀਲ ਹਨ। ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨਿਰਮਤਰਤਾ ਨਾਲ ਜਾਰੀ ਰੱਖਦਿਆਂ ਮੌਜੂਦਾ ਮੁਖੀ ਮਹਾਂਪੁਰਸ਼ਾਂ ਵੱਲੋਂ ਸਲਾਨਾ ਗੁਰਮਤਿ ਸੰਗੀਤ ਵਰਕਸ਼ਾਪ 2024 ਦਾ ਪ੍ਰਬੰਧ ਕੀਤਾ ਹੈ। ਜਿਸਦੀ ਆਰੰਭਤਾ ਦਿਨ ਮੰਗਲਵਾਰ 11 ਜੂਨ ਨੂੰ ਹੋਵੇਗੀ। ਤਿੰਨ ਦਿਨਾਂ ਗੁਰਮਤਿ ਸੰਗੀਤ ਵਰਕਸ਼ਾਪ ਵਿੱਚ ਪ੍ਰਸਿੱਧ ਤਬਲਾ ਵਾਦਕ ਪੰਡਿਤ ਅਨੁਰਾਧਾ ਪਾਲ ਜੀ, ਪੰਡਿਤ ਹਰਸ਼ ਨਾਰਇਣ ਜੀ (ਸਾਰੰਗੀ), ਪ੍ਰਿੰ. ਜਤਿੰਦਰਪਾਲ ਸਿੰਘ ਜੀ, ਉਸਤਾਦ ਇੰਦਰਜੀਤ ਸਿੰਘ ਬਿੰਦੂ, ਪੰਡਿਤ ਰਾਮਾਕਾਂਤ ਜੀ, ਉਸਤਾਦ ਮਨਿੰਦਰ ਸਿੰਘ ਜੀ, ਉਸਤਾਦ ਰਾਜਬਰਿੰਦਰ ਸਿੰਘ ਜੀ, ਪ੍ਰੋ. ਤਜਿੰਦਰ ਸਿੰਘ ਜੀ, ਪ੍ਰੋ. ਇਕਬਾਲ ਸਿੰਘ ਜੀ, ਪ੍ਰੋ. ਚਰਨਜੀਤ ਕੌਰ ਜੀ, ਪ੍ਰੋ. ਤਜਿੰਦਰ ਸਿੰਘ ਜੀ, ਭਾਈ ਜਸਪ੍ਰੀਤ ਸਿੰਘ ਆਦਿ ਸੰਗੀਤ ਦੇ ਮਾਹਰਾਂ ਵੱਲੋਂ ਗੁਰਮਤਿ ਸੰਗੀਤ ਦੇ ਵਿਦਿਅਰਥੀਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਗੇ। ਜਵੱਦੀ ਟਕਸਾਲ ਵੱਲੋਂ ਵਰਕਸ਼ਾਪ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮਹਾਂਪੁਰਸ਼ਾਂ ਵੱਲੋਂ ਸਭਨਾਂ ਨੂੰ ਪੁੱਜਣ ਦਾ ਹਾਰਦਿਕ ਸੱਦਾ ਦਿੱਤਾ ਗਿਆ ਹੈ।