ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਫਰੇਜ਼ਨੋ ਦੇ ਪਰੈਜ਼ੀਡੈਂਟ ਨੇ ਲੁਧਿਆਣਾ ਸਥਿਤ ਕੌੜਾ ਫਾਰਮਜ਼ ਅਯਾਲੀ ਕਲਾਂ ਵਿਖੇ ਉੱਘੇ ਸਫ਼ਲ ਕਿਸਾਨਾਂ ਤੇ ਸਿਰਕੱਢ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਮਰੀਕਾ ਚ ਕੈਲੇਫੋਰਨੀਆ ਸੂਬੇ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਪੰਜਾਬੀ ਕਿਸਾਨਾਂ ਦਾ ਵਡਮੁੱਲਾ ਯੋਗਦਾਨ ਹੈ। ਇਨ੍ਹਾਂ ਪੰਜਾਬੀਆਂ ਨੇ ਅਮਰੀਕਨਾਂ ਨੂੰ ਵੀ ਮਿੱਟੀ ਚੋਂ ਸੋਨਾ ਉਗਾਉਣ ਦੀ ਲਿਆਕਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਲੇਫੋਰਨੀਆ ਦੇ ਖੇਤੀ ਮਾਡਲ ਨੂੰ ਪੰਜਾਬ ਚ ਪਸਾਰਨ ਦੀ ਲੋੜ ਹੈ। ਫਰਿਜ਼ਨੋ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਸਾਅਲ ਜਿਮੇਨੇਜ਼ ਸੈਂਡੋਵੇਲ ਨੇ ਕਿਹਾ ਕਿ ਉਹ ਪੰਜਾਬ ਦੀ ਮਿੱਟੀ ਵੇਖਣ ਆਏ ਹਨ ਜਿਸ ਨੇ ਏਨੇ ਸਿਰੜੀ, ਸਿਦਕੀ ਸਮਰੱਥ ਕਿਸਾਨ ਪੈਦਾ ਕਰਕੇ ਅਮਰੀਕਾ ਭੇਜੇ ਹਨ ਜਿੰਨ੍ਹਾਂ ਨੂੰ ਰੋਲ ਮਾਡਲ ਕਿਹਾ ਜਾ ਸਕਦਾ ਹੈ। ਅਮਰੀਕਾ ਤੋਂ ਆਏ ਵਫ਼ਦ ਦਾ ਸਵਾਗਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਪੰਜਾਬ ਦੇ ਚੇਅਰਮੈਨ ਤੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚੋਂ ਸੇਵਾ ਮੁਕਤ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਲਗਪਗ ਇੱਕ ਸਦੀ ਪਹਿਲਾਂ ਜਦ ਪਰਤਾਪ ਸਿੰਘ ਕੈਰੋਂ, ਕਾਮਰੇਡ ਅੱਛਰ ਸਿੰਘ ਛੀਨਾ ਤੇ ਹੋਰ ਨੌਜਵਾਨ ਜਦ ਬਰਕਲੇ ਯੂਨੀਵਰਸਿਟੀ ਤੋਂ ਪੜ੍ਹ ਕੇ ਪਰਤੇ ਤਾਂ ਉਨ੍ਹਾਂ ਇਹ ਸੁਪਨਾ ਪੰਜਾਬ ਨੂੰ ਦਿੱਤਾ ਕਿ ਅਸੀਂ ਪੰਜਾਬ ਨੂੰ ਕੈਲੇਫੋਰਨੀਆ ਬਣਾ ਦਿਆਂਗੇ। ਪੰਜਾਬੀ ਕਿਸਾਨਾਂ ਦਾ ਇਹ ਸੁਪਨਾ ਤਾਂ ਪੂਰਾ ਨਹੀਂ ਹੋਇਆ ਪਰ ਕੈਲੇਫੋਰਨੀਆ ਜ਼ਰੂਰ ਦੂਸਰਾ ਪੰਜਾਬ ਬਣ ਗਿਆ ਹੈ। ਪੰਜਾਬੀ ਕਿਸਾਨ ਪੁੱਤਰਾਂ ਨੇ ਅਮਰੀਕਾ ਦੇ ਤਕਨੀਕੀ ਗਿਆਨ ਵਿੱਚ ਆਪਣਾ ਖ਼ੂਨ ਪਸੀਨਾ ਪਾ ਕੇ ਸੌਗੀ ਅਖ਼ਰੋਟ ਤੇ ਬਦਾਮਾਂ ਦੇ ਬਾਦਸ਼ਾਹ ਕਹਾਉਣ ਦਾ ਸਨਮਾਨ ਹਾਸਲ ਕੀਤਾ ਹਾ ਉਸ ਦਾ ਦਸਤਾਵੇਜ਼ੀ ਪ੍ਰਮਾਣੀਕਰਨ ਬਹੁਤ ਜ਼ਰੂਰੀ ਹੈ। ਇਸ ਕਾਰਜ ਲਈ ਫਰਿਜਨੋ ਸਟੇਟ ਯੂਨੀਵਰਸਿਟੀ ਨੂੰ ਇਹ ਪ੍ਰਾਜੈਕਟ ਹੱਥ ਵਿੱਚ ਲੈਣਾ ਚਾਹੀਦਾ ਹੈ। ਉਨ੍ਹਾਂ ਯੂਨੀਵਰਸਿਟੀ ਦੇ ਪਰੈਜ਼ੀਡੈਂਟ ਜੋਜ਼ਫ਼ ਆਈ ਕਾਸਟਰੋ ਨੂੰ ਮੁਬਾਰਕ ਦਿੱਤੀ ਜਿੰਨ੍ਹਾਂ ਨੇ ਪੰਜਾਬ ਖੇਤੀ ਯੂਨੀਵਰਸਿਟੀ ਨਾਲ ਦੁਵੱਲੇ ਸਹਿਯੋਗ ਲਈ ਇਕਰਾਰਨਾਮਾ ਕੀਤਾ ਹੈ ਪਰ ਇਸ ਦਾ ਲਾਭ ਤਦ ਹੀ ਹੋਵੇਗਾ ਜੇਕਰ ਕੈਲੇਫੋਰਨੀਆਂ ਦੇ ਅਗਾਂਹਵਧੂ ਪੰਜਾਬੀ ਕਿਸਾਨਾਂ ਦੇ ਮਿਸਾਲੀ ਕਾਰਜਾਂ ਨੂੰ ਪੰਜਾਬ ਚ ਵੱਸਦੇ ਕਿਸਾਨਾਂ ਤੀਕ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਸੌਗੀ ਦੇ ਬਾਦਸ਼ਾਹ ਵਜੋਂ ਚਰਨਜੀਤ ਸਿੰਘ ਬਾਠ ਨੇ ਜਿਸ ਢੰਗ ਨਾਲ ਪਿੰਡ ਨੂਰਪੁਰਾ(ਰਾਇਕੋਟ) ਤੋਂ 1959 ਚ ਅਮਰੀਕਾ ਪੁੱਜ ਕੇ ਵਿਕਸਤ ਖੇਤੀ ਨੂੰ ਅਪਣਾਇਆ, ਉਸ ਬਾਰੇ ਕਈ ਕਿਤਾਬਾਂ ਲਿਖੇ ਜਾਣ ਦੀ ਜ਼ਰੂਰਤ ਹੈ। ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਫਰਿਜ਼ਨੋ ਦੇ ਵਾਈਸ ਚੇਅਰਮੈਨ ਤੇ ਇਸ ਵਫ਼ਦ ਚ ਸ਼ਾਮਿਲ ਆਗੂਆਂ ਗੈਰੀ ਚਾਰਲ, ਰਾਜਾ ਬੋਪਾਰਾਏ ਤੇ ਸ: ਚਰਨਜੀਤ ਸਿੰਘ ਬਾਠ ਨੇ ਕਿਹਾ ਕਿ ਇਸ ਕਾਰਜ ਲਈ ਯੂਨੀਵਰਸਿਟੀ ਜਲਦੀ ਪ੍ਰੋਗਰਾਮ ਉਲੀਕੇਗੀ। ਕੈਲੇਫੋਰਨੀਆ ਦੇ ਚੋਣਵੇਂ ਅਗਾਂਹਵਧੂ ਕਿਸਾਨਾਂ ਦੀ ਮਿਹਨਤ ਮੁਸ਼ੱਕਤ ਅਤੇ ਦੂਰਦ੍ਰਿਸ਼ਟੀ ਭਰਪੂਰ ਵਿਗਿਆਨਕ ਸੋਝੀ ਬਾਰੇ ਲਿਖਣ ਲਈ ਉਨ੍ਹਾਂ ਪ੍ਰੋ: ਗੁਰਭਜਨ ਗਿੱਲ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ। ਫਰਿਜ਼ਨੋ ਦੇ ਅਗਾਂਵਧੂ ਕਿਸਾਨ ਤੇ 1921 ਤੋਂ ਅਮਰੀਕਾ ਵੱਸਦੇ ਪਿੰਡ ਖ਼ਾਨਪੁਰ (ਲੁਧਿਆਣਾ ) ਦੇ ਚਾਹਲ ਪਰਿਵਾਰ ਦੇ ਫ਼ਰਜ਼ੰਦ ਗੈਰੀ ਚਾਹਲ ਨੇ ਕਿਹਾ ਕਿ ਇਸ ਬਾਰੇ ਬਹੁਤ ਪਹਿਲਾਂ ਕੰਮ ਕਰਨ ਦੀ ਜ਼ਰੂਰਤ ਸੀ ਤਾਂ ਜੋ ਇਸ ਦਾ ਨਵੀਂ ਪੀੜ੍ਹੀ ਨੂੰ ਲਾਭ ਪੁੱਜਦਾ, ਪਰ ਅਜੇ ਵੀ ਵਕਤ ਸੰਭਾਲਣ ਦੀ ਲੋੜ ਹੈ। ਜੱਦੀ ਪਿੰਡ ਚੱਠਾ(ਗੁਰਦਾਸਪੁਰ) ਦੇ ਜੰਮਪਲ ਤੇ ਯੂ ਪੀ ਤੋਂ ਅਮਰੀਕਾ ਜਾ ਵੱਸੇ ਉੱਘੇ ਕਿਸਾਨ ਤੇ 350ਤੋਂ ਵੱਧ ਟਰੱਕਾਂ ਦੀ ਕੰਪਨੀ ਦੇ ਮਾਲਕ ਰਾਜਾ ਬੋਪਾਰਾਏ ਨੇ ਕਿਹਾ ਕਿ ਇਹ ਪੰਜਾਬ ਦੀ ਧਰਤੀ ਦਾ ਕਰਜ਼ ਮੋੜਨ ਦਾ ਸਹੀ ਤਰੀਕਾ ਹੈ, ਤਾਂ ਜੋ ਆਤਮ ਵਿਸ਼ਵਾਸ ਗੁਆ ਰਹੀ ਕਿਸਾਨੀ ਤੇ ਸਰਕਾਰੀ ਤੰਤਰ ਨੂੰ ਸੇਧ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਉਹ ਆਪਣੀ ਟਰੱਕਿੰਗ ਕੰਪਨੀ ਦਾ ਬੁਕਿੰਗ ਦਫ਼ਤਰ ਮੋਹਾਲੀ ਚ ਖੋਲ੍ਹ ਕੇ ਲਗਪਗ 150 ਨੌਜਵਾਨ ਲੜਕੇ ਲੜਕੀਆਂ ਨੂੰ ਆਦਰਯੋਗ ਰੁਜ਼ਗਾਰ ਦੇ ਚੁਕੇ ਹਨ। ਚਰਨਜੀਤ ਸਿੰਘ ਬਾਠ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਪਹਿਲਾਂ ਪੰਜਾਬੀ ਕਿਸਾਨ ਹਨ ਤੇ ਮਗਰੋਂ ਕੁਝ ਹੋਰ। ਮਿਹਨਤ ਤੇ ਪਰਿਵਾਰਕ ਏਕੇ ਕਾਰਨ ਹੀ ਪੂਰਾ ਬਾਠ ਪਰਿਵਾਰ ਅੱਜ ਸੌਗੀ ਉਤਪਾਦਨ ਚ ਸੌਗੀ ਸਰਦਾਰ ਹਨ। ਇਸ ਮੌਕੇ ਉੱਘੇ ਕਾਰੋਬਾਰੀ ਜੈਦੇਵ ਕੌੜਾ(ਬੱਬੀ) ਨੇ ਅਮਰੀਕਾ ਤੋਂ ਆਏ ਵਫ਼ਦ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਆਪਣੇ ਮੁੱਲਵਾਨ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ ਹਨ। ਇਸ ਮੌਕੇ ਸ: ਪਿਰਥੀਪਾਲ ਸਿੰਘ ਹੇਅਰ ਤੇ ਸੰਦੀਪ ਸ਼ਰਮਾ (ਦੋਵੇਂ ਪੁਲਿਸ ਕਪਤਾਨ)ਇੰਦਰਜੀਤ ਸਿੰਘ ਸੰਧੂ ਫਰਿਜ਼ਨੋ, ਹਰਿੰਦਰ ਸਿੰਘ ਸੰਧੂ ਸੀਨੀਅਰ ਟਾਉਨ ਪਲੈਨਰ ਸੰਗਰੂਰ, ਰਾਕੇਸ਼ ਧੀਰ ਰਾਏਕੋਟ ਤੇ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ।