You are here

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸਥਾਪਤ ਗੁਰੂ ਨਾਨਕ ਚੇਅਰ ਦਾ ਖ਼ਰਚ ਚੁੱਕੇਗਾ 

ਅਜਾਇਬਘਰ 'ਚ ਜੋ ਸਿੱਖ ਧਰਮ ਦੀ ਗੈਲਰੀ ਸਥਾਪਤ ਕੀਤੀ ਜਾਵੇਗੀ ਉਸ 'ਚ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜੋ ਸਾਮਾਨ ਦਾ ਸਮੁੱਚਾ ਖ਼ਰਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਚੁੱਕਿਆ ਜਾਵੇਗਾ-ਡਾ. ਐਸ. ਪੀ. ਸਿੰਘ ਓਬਰਾਏ

ਲਾਹੌਰ/ਮਾਨਚੈਸਟਰ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸਥਾਪਤ ਕੀਤੀ ਗਈ ਗੁਰੂ ਨਾਨਕ ਚੇਅਰ 'ਤੇ ਆਉਣ ਵਾਲਾ ਸਾਲਾਨਾ ਖ਼ਰਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਚੁੱਕਿਆ ਜਾਵੇਗਾ | ਇਸ ਕਾਰਜ ਲਈ ਟਰੱਸਟ ਵਲੋਂ ਇਕ ਨਿਸ਼ਚਿਤ ਰਕਮ ਬੈਂਕ 'ਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ, ਜਿਸ ਦਾ ਸਾਲਾਨਾ ਵਿਆਜ ਜੋ ਕਰੀਬ 35 ਤੋਂ 40 ਲੱਖ ਰੁਪਏ ਬਣੇਗਾ ਉਸ ਨੂੰ ਇਸ ਕਾਰਜ ਤੋਂ ਇਲਾਵਾ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਖ਼ਰਚ ਕੀਤਾ ਜਾਵੇਗਾ, ਜਿਸ ਦਾ ਸਾਰਾ ਲੇਖਾ-ਜੋਖਾ ਯੂਨੀਵਰਸਿਟੀ ਵਲੋਂ ਟਰੱਸਟ ਨੂੰ ਦਿੱਤਾ ਜਾਵੇਗਾ | ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਆਗੂ ਡਾ. ਐਸ. ਪੀ. ਸਿੰਘ ਓਬਰਾਏ ਨੇ  ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਉੱਪ ਕੁਲਪਤੀ ਵਲੋਂ ਲਗਪਗ 5-6 ਮਹੀਨੇ ਪਹਿਲਾਂ ਯੂਨੀਵਰਸਿਟੀ 'ਚ ਗੁਰੂ ਨਾਨਕ ਚੇਅਰ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ | ਇਸ ਚੇਅਰ ਨੂੰ ਸੁਚਾਰੂ ਰੂਪ 'ਚ ਜਾਰੀ ਰੱਖਣ ਲਈ ਇਸ 'ਤੇ ਆਉਣ ਵਾਲੇ ਸਾਲਾਨਾ ਖ਼ਰਚ ਦੀ ਜ਼ਿੰਮੇਵਾਰੀ ਹੁਣ ਸਰਬੱਤ ਦਾ ਭਲਾ ਟਰੱਸਟ ਵਲੋਂ ਚੁੱਕੇ ਜਾਣ ਸਬੰਧੀ ਦਸੰਬਰ 'ਚ ਯੂਨੀਵਰਸਿਟੀ ਨਾਲ ਐਮ. ਓ. ਯੂ. ਸਾਈਨ ਕੀਤਾ ਜਾਵੇਗਾ | ਡਾ: ਓਬਰਾਏ ਨੇ ਦੱਸਿਆ ਕਿ ਪਾਕਿਸਤਾਨ 'ਚ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਪ੍ਰਮੁੱਖ 8 ਧਰਮਾਂ ਦੇ ਸਥਾਪਤ ਕੀਤੇ ਜਾ ਰਹੇ ਅਜਾਇਬਘਰ 'ਚ ਬਣਨ ਵਾਲੀਆਂ ਗੈਲਰੀਆਂ ਅੰਦਰ ਜੋ ਸਿੱਖ ਧਰਮ ਦੀ ਗੈਲਰੀ ਸਥਾਪਤ ਕੀਤੀ ਜਾਵੇਗੀ ਉਸ 'ਚ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜੋ ਸਾਮਾਨ ਦਾ ਸਮੁੱਚਾ ਖ਼ਰਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਚੁੱਕਿਆ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਉਪਰੋਕਤ ਸਭ ਕਾਰਜਾਂ ਲਈ ਉਨ੍ਹਾਂ ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਤੋਂ ਇਲਾਵਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਉੱਪ ਕੁਲਪਤੀ ਪੰਜਾਬ ਯੂਨੀਵਰਸਿਟੀ ਲਾਹੌਰ, ਸਕੱਤਰ ਇਨਫਰਮੇਸ਼ਨ, ਟੂਰਿਜ਼ਮ ਤੇ ਆਈ. ਟੀ., ਸੰਯੁਕਤ ਸਕੱਤਰ ਪੀ. ਟੀ. ਆਈ. ਫ਼ਾਰੂਕ ਅਰਸ਼ਦ ਆਦਿ ਸਮੇਤ ਹੋਰ ਸੀਨੀਅਰ ਉੱਚ ਅਧਿਕਾਰੀਆਂ ਨਾਲ ਵਿਸਥਾਰ 'ਚ ਮੁਲਾਕਾਤਾਂ ਕਰਕੇ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਹੈ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਜਲਦ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਗਰ ਲਈ ਆਟਾ ਗੁੰਨ੍ਹਣ, ਪੇੜੇ ਕਰਨ ਤੇ ਪ੍ਰਸ਼ਾਦੇ ਪਕਾਉਣ ਵਾਲੀ ਦੁਬਈ 'ਚ ਤਿਆਰ ਹੋਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨ ਤੋਂ ਇਲਾਵਾ ਬਰਤਨ ਸਾਫ਼ ਕਰਨ ਵਾਲੀ ਮਸ਼ੀਨ ਵੀ ਭੇਜੀ ਜਾਵੇਗੀ |