ਆਈ. ਓ. ਐੱਲ. ਕੈਮੀਕਲਜ਼ ਐਂਡ ਫਾਰਮਾਸਿਟੀਕਲਜ਼ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਨੇ ਰਾਏਕੋਟ ਵਿਖੇ ਸਨਅਤ ਸ਼ੁਰੂ ਕਰਨ ਬਾਰੇ ਤਜ਼ਰਬੇ ਕੀਤੇ ਸਾਂਝੇ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਆਈ. ਓ. ਐੱਲ. ਕੈਮੀਕਲਜ਼ ਐਂਡ ਫਾਰਮਸਿਟੀਕਲਜ਼ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਗੁਪਤਾ ਨੇ ਕਿਹਾ ਹੈ ਕਿ ਸੂਬੇ ਵਿੱਚ ਸਨਅਤਾਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਾਉਣ ਵਿੱਚ ਇਨਵੈੱਸਟ ਪੰਜਾਬ ਬਿਊਰੋ ਬਹੁਤ ਵਧੀਆ ਕੰਮ ਕਰ ਰਿਹਾ ਹੈ। ਉਨਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਲਾਗੂ ਕੀਤੀ ਗਈ ਨਵੀਂ ਉਦਯੋਗ ਨੀਤੀ ਦੀ ਵੀ ਪ੍ਰਸ਼ੰਸ਼ਾ ਕੀਤੀ ਗਈ। ਉਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਨੂੰ ਸੂਬੇ ਵਿੱਚ ਸਨਅਤਾਂ ਦੇ ਪੱਖ ਦਾ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ, ਇਸੇ ਕਰਕੇ ਹੀ ਕਈ ਵਿਦੇਸ਼ੀ ਕੰਪਨੀਆਂ ਵੀ ਸੂਬੇ ਵਿੱਚ ਨਿਵੇਸ਼ ਕਰਨ ਲਈ ਅੱਗੇ ਆ ਰਹੀਆਂ ਹਨ। ਅੱਜ ਸਥਾਨਕ ਇੰਡਸਟਰੀਅਲ ਏਰੀਆ ਵਿਖੇ ਆਪਣੀ ਫੈਕਟਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰਿੰਦਰ ਗੁਪਤਾ ਨੇ ਕਿਹਾ ਕਿ ਉਨਾਂ ਦੀ ਕੰਪਨੀ ਨੇ ਮਈ 2018 ਵਿੱਚ ਇਨਵੈੱਸਟ ਪੰਜਾਬ ਬਿਊਰੋ ਨਾਲ ਰਾਬਤਾ ਕਾਇਮ ਕਰਕੇ 232 ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਉਦਯੋਗ ਨੂੰ ਵਧਾਉਣ ਅਤੇ ਵਿਭਿੰਨਤਾ ਲਿਆਉਣ ਦੀ ਇੱਛਾ ਜ਼ਾਹਿਰ ਕੀਤੀ ਸੀ, ਇਸ ਲਈ ਉਨਾਂ ਨੂੰ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਤੈਅ ਸਮਾਂ ਸੀਮਾ ਵਿੱਚ ਬੜੇ ਸੌਖੇ ਤਰੀਕੇ ਨਾਲ ਮਿਲ ਗਈਆਂ। ਉਨਾਂ ਕਿਹਾ ਕਿ ਉਨਾਂ ਨੇ ਸਹਿਯੋਗੀ ਕੰਪਨੀ ਵੀਵਾਕੈਮ ਇੰਟਰਮੀਡੀਏਟਸ ਪ੍ਰਾਈਵੇਟ ਲਿਮਿਟਡ ਨਾਲ ਮਿਲ ਕੇ ਰਾਏਕੋਟ ਵਿਖੇ 48 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪਲਾਂਟ ਲਗਾਉਣ ਬਾਰੇ ਅਗਸਤ 2018 ਵਿੱਚ ਅਰਜੀ ਦਿੱਤੀ ਸੀ। ਸਾਨੂੰ ਸਾਰੀਆਂ ਪ੍ਰਵਾਨਗੀਆਂ 2 ਮਹੀਨੇ ਵਿੱਚ ਮਿਲ ਗਈਆਂ ਸਨ। ਮਹਿਜ਼ 9 ਮਹੀਨੇ ਦੇ ਸਮੇਂ ਵਿੱਚ ਹੀ ਉਨਾਂ ਦੇ ਪਲਾਂਟ ਨੇ ਉਤਪਾਦਨ ਸ਼ੁਰੂ ਕਰ ਦਿੱਤਾ। ਏਨੇ ਥੋੜੇ ਸਮੇਂ ਵਿੱਚ ਪ੍ਰੋਜੈਕਟ ਲੱਗਣਾ ਅਤੇ ਕੰਮ ਕਰਨਾ ਸ਼ੁਰੂ ਕਰਨਾ, ਇਨਵੈੱਸਟ ਪੰਜਾਬ ਬਿਊਰੋ ਵੱਲੋਂ ਹਰ ਪੈਰ 'ਤੇ ਸਹਾਇਤਾ ਦੇਣ ਕਾਰਨ ਹੀ ਸੰਭਵ ਹੋ ਸਕਿਆ। ਉਨਾਂ ਕਿਹਾ ਕਿ ਇੰਨਵੈੱਸਟ ਪੰਜਾਬ ਅਧੀਨ ਸ਼ੁਰੂ ਕੀਤੀ ਗਈ ਵੰਨ ਸਟਾਪ ਕਲੀਅਰੈਂਸ ਪ੍ਰਣਾਲੀ ਸਨਅਤਕਾਰਾਂ ਨੂੰ ਕਾਫੀ ਰਾਸ ਆ ਰਹੀ ਹੈ। ਪੰਜਾਬ ਸਰਕਾਰ ਸੂਬੇ ਵਿੱਚ ਸਨਅਤਾਂ ਨੂੰ ਵਿਕਸਤ ਕਰਨ ਲਈ ਕਾਫੀ ਹਾਂ-ਪੱਖੀ ਹੁੰਗਾਰਾ ਦੇ ਰਹੀ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਸਸਤੀ ਬਿਜਲੀ, ਜੀ. ਐੱਸ. ਟੀ., ਲੈਂਡ ਓਨਰਸ਼ਿਪ ਸਟੈਂਪ ਡਿਊਟੀ ਸਮੇਤ ਕਈ ਰਿਆਇਤਾਂ ਸਨਅਤਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਸਨਅਤਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ। ਗੁਪਤਾ ਨੇ ਹੋਰ ਸਨਅਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਨਅਤ ਪੱਖੀਆਂ ਨੀਤੀਆਂ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਸੂਬੇ ਦਾ ਸਨਅਤੀ ਵਿਕਾਸ ਕਰਨ ਦੇ ਨਾਲ-ਨਾਲ ਸਨਅਤਕਾਰਾਂ ਦਾ ਵੀ ਵਿਕਾਸ ਹੋ ਸਕੇ। ਉਨਾਂ ਕਿਹਾ ਕਿ ਉਨਾਂ ਦੀ ਪੰਜਾਬ ਸਰਕਾਰ ਨਾਲ ਭਾਈਵਾਲੀ ਦਾ ਸਫ਼ਰ ਸਾਲ 1991 ਤੋਂ ਸ਼ੁਰੂ ਹੋਇਆ ਸੀ। ਉਸ ਸਮੇਂ ਉਨਾਂ ਨੇ ਇੱਕ ਉਤਪਾਦ ਐਸੇਟਿਕ ਐਸਿਡ ਨਾਲ ਕੰਮ ਸ਼ੁਰੂ ਕੀਤਾ ਸੀ ਪਰ ਹੁਣ ਉਨਾਂ ਦੀ ਕੰਪਨੀ ਆਈਬਰੂਫਿਨ ਸਮੇਤ 15 ਉਤਪਾਦਾਂ ਦਾ ਉਤਪਾਦਨ ਕਰ ਰਹੀ ਹੈ। ਹੁਣ ਕੁਝ ਹੋਰ ਉਤਪਾਦ ਵੀ ਤਿਆਰ ਕਰਨ ਬਾਰੇ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਉਨਾਂ ਦੀ ਕੰਪਨੀ ਦਾ ਆਈਬਰੂਫਿਨ ਦੇ ਉਤਪਾਦਨ ਦੇ ਮਾਮਲੇ ਵਿੱਚ ਪੂਰੇ ਸੰਸਾਰ ਵਿੱਚ 30 ਫੀਸਦੀ ਸ਼ੇਅਰ ਹੈ। ਉਨ•ਾਂ ਦੀ ਕੰਪਨੀ ਵਿੱਚ ਇਸ ਵੇਲੇ 1800 ਕਰਮੀ ਸਿੱਧੇ ਤੌਰ 'ਤੇ ਅਤੇ 2500 ਕਰਮੀ ਅਸਿੱਧੇ ਤੌਰ 'ਤੇ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਾਰੋਬਾਰ ਵਿੱਚ ਵਾਧਾ ਹੋਣ ਨਾਲ ਇਹ ਗਿਣਤੀ ਕਰਮਵਾਰ 2200 ਅਤੇ 3000 ਹੋ ਜਾਵੇਗੀ। ਗੁਪਤਾ ਨੇ ਸੂਬੇ ਵਿੱਚ ਸਨਅਤਾਂ ਪੱਖੀ ਮਾਹੌਲ ਸਿਰਜਣ ਅਤੇ ਸਨਅਤਕਾਰਾਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।