ਅੱਜ ਮੇਰੇ ਨਾਲ ਵਿਚਾਰਾਂ ਦੁਰਾਨ ਮੇਰੇ ਅਤਿ ਸਤਿਕਾਰ ਯੋਗ ਤਾਇਆ ਜੀ ਗੁਰਚਰਨ ਸਿੰਘ ਜੌਹਲ ਨੇ ਸੁਰਜੀਤ ਪਾਤਰ ਦੀ ਇਕ ਰਚਨਾ ਵੱਲ ਧਿਆਨ ਦੁਆਇਆ ਜੋ ਮੇ ਪਾਠਕਾਂ ਨਾਲ ਸਾਜੀ ਕਰ ਰਿਹਾ ਹਾਂ।
ਸੁਰਜੀਤ ਪਾਤਰ
|| ਨਾਨਕ: 2019 ||
ਭਾਗੋ, ਸੱਜਣ, ਵਲੀ ਕੰਧਾਰੀ
ਤਿੰਨਾਂ ਮਿਲ਼ ਕੇ ਜੁਗਤ ਵਿਚਾਰੀ
ਨਾਨਕ ਨਾਮ ਨੂੰ ਵੇਚਣ ਚੱਲੇ
ਸਭਨਾਂ ਮਿਲ਼ ਕੇ ਕਰੀ ਤਿਆਰੀ
ਨਾਨਕ ਗੱਡੀ ਵਿਚ ਚੜ੍ਹਾ ਕੇ
ਉਧਰੋਂ ਚੱਲ ਕੇ ਏਧਰ ਆ ਕੇ
ਪਿੰਡ ਪਿੰਡ ਨਾਨਕ ਖ਼ੂਬ ਘੁਮਾਇਆ
ਬੋਰਿਆਂ ਦੇ ਵਿਚ ਭਰ ਲੀ' ਮਾਇਆ
ਨਾਨਕ ਬੰਦ ਕਾਰ ਵਿਚ ਕਰਿਆ
ਬੈਠਾ ਸੋਚਾਂ ਦੇ ਵਿਚ ਖੋਇਆ
ਸਾਦੇ ਕੱਪੜੇ ਪੈਰ ਖੜਾਵਾਂ
ਪੈਰਾਂ ਤੀਕ ਪਸੀਨਾ ਚੋਇਆ
ਜਾਪੇ ਕਿਸੇ ਸਫ਼ਰ ਤੋਂ ਮੁੜਿਆ
ਗੋਸ਼ਟ ਕੋਈ ਰਚਾ ਕੇ ਆਇਆ
ਜਾ ਮਿੱਟੀ ਨਾਲ਼ ਮਿੱਟੀ ਹੁੰਦਾ
ਹਲ਼ ਖੇਤਾਂ ਵਿਚ ਵਾਹ ਕੇ ਆਇਆ
ਗੱਡੀ ਵਿੱਚੋਂ ਬਾਹਰੇ ਵੇਂਹਦਾ
ਤੱਕ ਦੁਨੀਆ ਦੇ ਰੰਗ ਤਮਾਸ਼ੇ
ਨਾਨਕ ਸੋਚਾਂ ਦੇ ਵਿਚ ਖੋਇਆ
ਨਾਨਕ ਡ੍ਹਾਢਾ ਚਿੰਤਤ ਜਾਪੇ
ਕੌਣ ਇਹ ਨੇ ਚਿਮਟਿਆਂ ਵਾਲ਼ੇ
ਕਾਲ਼ੇ ਦਿਲ ਤੇ ਬੀਬੇ ਦਾਹੜੇ
ਜਾਪਣ ਕਮਲ਼ੇ ਅਤੇ ਸ਼ੁਦਾਈ
ਨਾਂ ਮੇਰੇ 'ਤੇ ਕਰਨ ਕਮਾਈ
ਕਿਉਂ ਫਿਰਦੇ ਇਹ ਬੰਬ ਚਲਾਉਂਦੇ
ਧੂੰਆਂ ਅੰਬਰ ਤੀਕ ਚੜ੍ਹਾਉਂਦੇ
ਪਵਨ ਗੁਰੂ ਤੇ ਪਿਤਾ ਹੈ ਪਾਣੀ
ਨਾਲ਼ੋ ਨਾਲ਼ ਪਏ ਨੇ ਗਾਉਂਦੇ
ਕਿਉਂ ਇਹ ਹੱਥੀਂ ਕਿਰਤ ਨਾ ਕਰਦੇ
ਵੰਡ ਛਕਣ ਤੋਂ ਕਾਹਤੋਂ ਡਰਦੇ
ਮੇਰੇ ਪੈਰੋਕਾਰ ਕਹਾਉਂਦੇ
ਤਸਵੀਰਾਂ 'ਤੇ ਭੋਗ ਲਗਾਉਂਦੇ
ਮੈਂ ਕੋਈ ਐਸਾ ਭਰਮ ਨਾ ਘੜਿਆ
ਮੈਂ ਕੋਈ ਵੱਖਰਾ ਧਰਮ ਨਾ ਘੜਿਆ
ਮੇਰਾ ਬਾਲਾ ਤੇ ਮਰਦਾਨਾ
ਕਰ ਲਏ ਅੱਡ ਸਿਆਸਤਦਾਨਾਂ
ਉੱਚਾ ਇਕ ਧਮਾਕਾ ਸੁਣ ਕੇ
ਝੱਟ ਮੈਂ ਸੁੱਤਾ ਉਠ ਖਲੋਇਆ
ਨੀਂਦਰ, ਸੁਪਨਾ ਦੋਵੇਂ ਟੁੱਟੇ
ਭੱਜ ਦਰਾਂ ਦੇ ਵੱਲ ਨੂੰ ਹੋਇਆ
ਸੁਬਾਹ ਸਵੇਰੇ ਅੰਮ੍ਰਿਤ ਵੇਲੇ
ਵਾਹਵਾ ਚੀਕ-ਚਿਹਾੜਾ ਪਾਇਆ
ਬੰਬ, ਪਟਾਕੇ, ਮੋਟਰ ਗੱਡੀਆਂ
ਧੂੰਆਂ ਅੰਬਰ ਤੀਕ ਚੜ੍ਹਾਇਆ
ਢੋਲਕੀਆਂ ਦੀ ਡਮ-ਡਮ ਵਿੱਚੋਂ
ਉੱਚਾ ਕਿਸੇ ਜੈਕਾਰਾ ਲਾਇਆ
ਉੱਠੋ ਦਰਸ਼ਨ ਕਰ ਲੋ', ਪਰਲੇ
ਪਾਰੋਂ ਨਗਰ ਕੀਰਤਨ ਆਇਆ
ਕਈ ਹਜ਼ਾਰਾਂ ਦੀ ਗਿਣਤੀ ਵਿਚ
ਸੰਗਤ ਪੈਦਲ ਚਲਦੀ ਪਈ ਏ
ਭੀੜ-ਭੜੱਕਾ ਡ੍ਹਾਢਾ ਏ ਪਰ
ਨਾਨਕ ਇਨ੍ਹਾਂ ਨਾਲ ਨਹੀਂ ਏ
ਨਾਨਕ ਸਦਾ ਸਿਦਕ 'ਤੇ ਖੜਿਆ
ਨਾਨਕ ਕਦੋਂ ਕਿਸੇ ਨੇ ਫੜਿਆ
ਨਾਨਕ ਮਰੀ ਜ਼ਮੀਰ ਨਹੀਂ ਏ
ਨਾਨਕ ਮਹਿਜ਼ ਸ਼ਰੀਰ ਨਹੀਂ ਏ
ਨਾਨਕ ਹੈ ਇਕ ਸੋਚ ਨਿਰਾਲੀ
ਨਾਨਕ ਮਜ਼ਲੂਮਾਂ ਦਾ ਵਾਲੀ
ਕਤਲ ਜਦੋਂ ਕੁਦਰਤ ਦਾ ਹੋਂਦਾ
ਨਾਨਕ ਓਥੇ ਕਦੋਂ ਖਲੋਂਦਾ
ਵਿਕਦਾ ਵਾਂਗ ਸਮਾਨ ਨਹੀਂ ਏ
ਨਾਨਕ ਕੋਈ ਦੁਕਾਨ ਨਹੀਂ ਏ
ਸੱਚ ਦੇ ਪਾਂਧੀ ਹੋਣਾ ਪੈਂਦਾ
ਨਾਨਕ ਆਪ ਕਮਾਉਣਾ ਪੈਂਦਾ
ਨੰਗੇ ਢਿੱਡ ਮੁਰਝਾਏ ਚਿਹਰੇ
ਛਲ ਤੇ ਕਪਟ ਨਾ ਨੇੜੇ-ਤੇੜੇ
ਖ਼ੂਨ ਪਸੀਨਾ ਇਕ ਕਰਕੇ ਵੀ
ਭੁੱਖੇ ਢਿੱਡ ਹੀ ਸੌਂਵਣ ਜਿਹੜੇ
ਰੱਬ ਦੀ ਰਜ਼ਾ ਚ ਰਾਜ਼ੀ ਰਹਿੰਦੇ
ਰੁੱਖੀ, ਮਿੱਸੀ ਹੱਕ ਦੀ ਛੱਕਦੇ
ਇਸ ਬਾਰਡਰ ਦੇ ਦੋਵੇਂ ਪਾਸੇ
ਲੱਖਾਂ ਭਾਈ ਲਾਲੋ ਵਸਦੇ
ਕਈ ਇਨ੍ਹਾਂ ਚੋਂ ਤਿਲਕ ਲਗਾਉਂਦੇ
ਕਈ ਸਿਰ ਚਿੱਟੀ ਟੋਪੀ ਪਾਉਂਦੇ
ਕੁਝ ਨਾਨਕ ਦਾ ਨਾਮ ਨਾ ਜਾਨਣ
ਕੁਝ ਨਾਨਕ ਨੂੰ ਪੀਰ ਬੁਲਾਉਂਦੇ
ਜੋ ਇਸ ਭੀੜੋਂ ਦੂਰ ਬੜੇ ਨੇ
ਲੇਬਰ ਚੌਂਕਾਂ ਵਿਚ ਖੜ੍ਹੇ ਨੇ
ਇਨ੍ਹਾਂ ਵੱਲ ਨੂੰ ਤੱਕ ਹਸਦਾ ਹੈ
ਨਾਨਕ ਇਨ੍ਹਾਂ ਵਿਚ ਵਸਦਾ ਹੈ
ਨਾਨਕ ਇਨ੍ਹਾਂ ਵਿਚ ਵਸਦਾ ਹੈ
ਬਹੁਤ ਧਨਵਾਦੀ ਹਾਂ ਸੁਰਜੀਤ ਪਾਤਰ ਜੀ ਦੇ ਜਿਨ੍ਹਾਂ ਅੱਜ ਦੀ ਸੋਚ ਦਾ ਬਿਆਨ ਕੀਤਾ,ਅਮਨਜੀਤ ਸਿੰਘ ਖਹਿਰਾ