You are here

ਲੁਧਿਆਣਾ ਹਲਕੇ ਵਿੱਚ ਬਣ ਰਹੀਆਂ ਲਈਅਰ ਵੈਲੀਆਂ ਸ਼ਹਿਰ ਵਾਸੀਆਂ ਲਈ ਸਾਹ ਰਗ ਸਾਬਿਤ ਹੋਣਗੀਆਂ- ਆਸ਼ੂ

ਰੋਜ਼ਾਨਾ ਲਿਆ ਜਾ ਰਿਹੈ ਵਿਕਾਸ ਕਾਰਜਾਂ ਦੀ ਪ੍ਰਗਤੀ ਜਾਇਜ਼ਾ-ਰਮਨ ਬਾਲਾਸੁਬਰਾਮਨੀਅਮ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਵਾਸੀਆਂ ਨੂੰ ਸੈਰ, ਕਸਰਤ ਕਰਨ ਲਈ ਸਾਫ਼ ਸੁਥਰਾ ਅਤੇ ਹਰਾ-ਭਰਾ ਵਾਤਾਵਰਣ ਮੁਹੱਈਆ ਕਰਾਉਣ ਦੇ ਮਕਸਦ ਨਾਲ ਲੁਧਿਆਣਾ (ਪੱਛਮੀ) ਹਲਕੇ ਵਿੱਚ ਚਾਰ ਲਈਅਰ ਵੈਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਕਿ ਪੂਰੇ ਸ਼ਹਿਰ ਵਾਸੀਆਂ ਲਈ ਸਾਹ ਰਗ ਸਾਬਿਤ ਹੋਣਗੀਆਂ। ਇਸ ਸੰਬੰਧੀ ਸ਼ੁਰੂ ਕੀਤੇ ਕਾਰਜਾਂ ਦਾ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਨੇ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਚਾਰਾਂ ਵੈਲੀਆਂ ਦਾ ਕੰਮ ਪੂਰੇ ਜ਼ੋਰਾਂ 'ਤੇ ਜਾਰੀ ਹੈ। ਇਹ ਚਾਰ ਵੈਲੀਆਂ ਡੀ. ਏ. ਵੀ. ਪਬਲਿਕ ਸਕੂਲ (ਸਿੱਧਵਾਂ ਨਹਿਰ ਦੇ ਨਾਲ) ਭਾਈ ਰਣਧੀਰ ਸਿੰਘ ਨਗਰ ਵਿਖੇ, ਹੈਬੋਵਾਲ ਵਿਖੇ, ਲੋਧੀ ਕਲੱਬ ਨਜ਼ਦੀਕ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਪੈਂਦੇ ਬਲਾਕ-ਡੀ ਅਤੇ ਈ ਦੇ ਪਿੱਛੇ ਤਿਆਰ ਕੀਤੀਆਂ ਜਾ ਰਹੀਆਂ ਹਨ। ਬੀ. ਆਰ. ਐੱਸ. ਨਗਰ ਲਈਅਰ ਵੈਲੀ ਸਾਈਟ ਦਾ ਦੌਰਾ ਕਰਦਿਆਂ ਆਸ਼ੂ ਨੇ ਕਿਹਾ ਕਿ ਇਹ ਵੈਲੀਆਂ ਸ਼ਹਿਰ ਵਾਸੀਆਂ ਦੇ ਲਈ ਸਾਹ ਰਗ ਦਾ ਕੰਮ ਕਰਨਗੀਆਂ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨਾਂ ਦੱਸਿਆ ਕਿ ਡੀ. ਏ. ਵੀ. ਪਬਲਿਕ ਸਕੂਲ ਨਾਲ ਲੱਗਦੀ ਵੈਲੀ ਦੀ ਲੰਬਾਈ 1.5 ਕਿਲੋ ਮੀਟਰ ਹੋਵੇਗੀ, ਜੋ ਕਿ ਸਕੂਲ ਤੋਂ ਸ਼ੁਰੂ ਹੋ ਕੇ ਪੱਖੋਵਾਲ ਸੜਕ ਸਥਿਤ ਰੇਲਵੇ ਲਾਂਘੇ ਤੱਕ ਖੇਤਰ ਨੂੰ ਕਵਰ ਕਰੇਗੀ। ਇਸ 'ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਵੈਲੀ ਲਈ ਜਗਾਂ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਵੱਲੋਂ ਮੁਹੱਈਆ ਗਈ ਹੈ। ਇਸ ਲਈਅਰ ਵੈਲੀ ਦਾ ਕੰਮ ਨਵੇਂ ਸਾਲ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਹ ਸਥਾਨਕ ਵਾਸੀਆਂ ਲਈ ਨਵੇਂ ਸਾਲ ਦਾ ਤੋਹਫ਼ਾ ਹੋਵੇਗਾ। ਉਨਾਂ ਕਿਹਾ ਕਿ ਡੀ. ਏ. ਵੀ. ਸਕੂਲ ਕੋਲ ਨਗਰ ਸੁਧਾਰ ਟਰੱਸਟ ਦੀ ਖਾਲੀ ਪਈ ਜ਼ਮੀਨ ਨੂੰ ਲੋਕਾਂ ਵੱਲੋਂ ਕੂੜਾ ਸੁੱਟਣ ਲਈ ਵਰਤਿਆ ਜਾਂਦਾ ਸੀ। ਇਸ ਜ਼ਮੀਨ ਨੂੰ ਹੁਣ ਇੱਕ ਸ਼ਾਨਦਾਰ ਲਈਅਰ ਵੈਲੀ ਦੇ ਰੂਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਥੇ ਨਗਰ ਨਿਗਮ ਵੱਲੋਂ ਰੇਨਵਾਟਰ ਹਾਰਵੈਸਟਿੰਗ ਖੂਹ ਵੀ ਤਿਆਰ ਕਰਵਾਇਆ ਗਿਆ ਹੈ। ਆਸ਼ੂ ਨੇ ਦੱਸਿਆ ਕਿ ਸਕੂਲ ਨਜ਼ਦੀਕ ਪੈਂਦੇ ਇਸ ਪ੍ਰੋਜੈਕਟ ਦੇ ਡਿਜ਼ਾਈਨ ਨੂੰ ਪੀ. ਏ. ਯੂ. ਦੇ ਬਾਗਬਾਨੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਇਸ ਵੈਲੀ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਬੈਂਚ, ਕਨੋਪੀਆਂ, ਇੰਪੋਰਟਡ ਘਾਹ, ਪੌਦੇ ਅਤੇ ਲਾਈਟਾਂ ਦਾ ਪ੍ਰਬੰਧ ਹੋਵੇਗਾ। ਇਸ ਵੈਲੀ ਵਿੱਚ ਟੈਨਿਸ, ਬੈਡਮਿੰਟਨ ਅਤੇ ਵਾਲੀਬਾਲ ਦੇ ਕੋਰਟਸ ਹੋਣ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨ ਹੋਮ, ਓਪਨ ਜਿੰਮ ਅਤੇ ਹੋਰ ਸਹੂਲਤਾਂ ਵੀ ਪ੍ਰਾਪਤ ਹੋਣਗੀਆਂ। ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਵਾਸੀਆਂ ਨੂੰ ਆਧੁਨਿਕ ਸਹੂਲਤਾਂ ਅਤੇ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਵਚਨਬੱਧ ਹੈ, ਇਸੇ ਕਰਕੇ ਸ਼ਹਿਰ ਵਿੱਚ ਕਈ ਸੁੰਦਰੀਕਰਨ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ। ਰਮਨ ਬਾਲਾਸੁਬਰਾਮਨੀਅਮ ਨੇ ਕਿਹਾ ਕਿ ਚਾਰੇ ਲਈਅਰ ਵੈਲੀਆਂ ਦੇ ਵਿਕਾਸ ਕਾਰਜਾਂ ਦਾ ਰੋਜ਼ਾਨਾ ਆਧਾਰ 'ਤੇ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਇਹ ਪ੍ਰੋਜੈਕਟ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਵਾਏ ਜਾ ਸਕਣ। ਉਨਾਂ ਭਰੋਸਾ ਦਿੱਤਾ ਕਿ ਇਨਾਂ ਪ੍ਰੋਜੈਕਟਾਂ ਸੰੰਬੰਧੀ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਇੰਦਰਜੀਤ ਸਿੰਘ ਇੰਦੀ, ਸੁਖਪ੍ਰੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।