You are here

ਯੂਰਪੀ ਪੰਜਾਬੀ ਸੱਥ ਯੂਕੇ ਵੱਲੋਂ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ

ਵਿਸ਼ੇਸ਼ ਸਾਜ਼ਿਸ਼ ਅਧੀਨ ਪੰਜਾਬ ਨੂੰ ਸ਼ਾਸਤਰ ਨਾਲੋਂ ਤੋੜ ਕੇ ਸ਼ਸਤਰ ਨਾਲ ਜੋੜਿਆ ਗਿਆ- ਗੁਰਭਜਨ ਗਿੱਲ

ਆਪਣੇ ਮਹਾਨ ਗੁਰਉਪਦੇਸ਼ ਭੁਲਾਉਣ ਦਾ ਹੀ ਅਸੀਂ ਖ਼ਮਿਆਜ਼ਾ ਭੁਗਤ ਰਹੇ ਹਾਂ-ਗੁਰਭਜਨ ਗਿੱਲ

ਸਮੈਦਿਕ/ਬਰਮਿੰਘਮ/ ਯੂਕੇ,ਨਵੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਯੂਰਪੀ ਪੰਜਾਬੀ ਸੱਥ ਯੂਕੇ ਵੱਲੋਂ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਗੁਰਦਵਾਰਾ ਸਮੈਦਿਕ (ਬਰਮਿੰਘਮ)ਵਿਖੇ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਬੋਲਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬ ਵਿਸ਼ਵ ਸਭਿਅਤਾ ਦਾ ਪੰਘੂੜਾ ਸਿਰਫ਼ ਗਿਆਨ ਤੇ ਸ਼ਾਸਤਰਾਂ ਕਰਕੇ ਸੀ ਪਰ ਵੱਖ ਵੱਖ ਸਮੇਂ ਦੇ ਸ਼ਾਤਰ ਹਾਕਮਾਂ ਨੇ ਸਾਨੂੰ ਸ਼ਸਤਰ ਦੀ ਮਹਿਮਾ ਏਨੀ ਚੁਸਤੀ ਨਾਲ ਸਿਖਾਈ ਕਿ ਅਸੀਂ ਖੜਗ ਭੁਜਾ ਬਣਨ ਵਿੱਚ ਹੀ ਮਾਣ ਮਹਿਸੂਸ ਕਰਨ ਲੱਗ ਪਏ। ਅਸੀਂ ਇਹ ਵਿਸਾਰ ਹੀ ਲਿਆ ਕਿ ਕਿਲ੍ਹਿਆਂ ਦੇ ਮਾਲਕ ਕਿਲ੍ਹੇਦਾਰ ਤੋਬਦਾਰ ਤੋਂ ਵੱਡੇ ਹੁੰਦੇ ਹਨ। ਹੌਲੀ ਹੌਲੀ ਸਾਨੂੰ ਹੋਸ਼ ਨਾਲੋਂ ਤੋੜ ਕੇ ਸਿਰਫ਼ ਜੋਸ਼ ਨਾਲ ਜੋੜਿਆ ਗਿਆ। ਗੁਰੂ ਨਾਨਕ ਪਾਤਿਸ਼ਾਹ ਨੇ ਇਸ ਲੋੜ ਨੂੰ ਮਹਿਸੂਸਦਿਆਂ ਹੀ ਸਾਨੂੰ ਨਵੇਂ ਨਵੇਲੇ ਧਰਤੀ ਧਰਮ ਮਰਯਾਦਾ ਤੇ ਸੱਚ ਬੋਲਣ ਦੇ ਨਾਲ ਨਾਲ ਇਸ ਦੀ ਰਖਵਾਲੀ ਨਾਲ ਜੋੜਿਆ। ਤੇਗਾਂ ਤੀਰਾਂ ਤੇ ਫੌਜਾਂ ਤੋਂ ਬਗੈਰ ਸਮੁੱਚੇ ਵਿਸ਼ਵ ਵਿਚ ਆਪਣੀ ਸੋਚ ਧਾਰਾ ਦੇ ਲੋਹਾ ਮੰਨਵਾਉਣਾ ਸਹਿਜ ਕਾਰਜ ਨਹੀਂ ਸੀ। ਆਪਣੇ ਮਹਾਨ ਗੁਰਉਪਦੇਸ਼ ਭੁਲਾਉਣ ਦਾ ਹੀ ਅਸੀਂ ਖ਼ਮਿਆਜ਼ਾ ਭੁਗਤ ਰਹੇ ਹਾਂ ਕਿ ਇੱਕ ਗੁਰੂ ਗਰੰਥ ਸਾਹਿਬ ਦੇ ਵਿਸ਼ਵਾਸੀਆਂ ਦੀ ਜੀਵਨ ਤੋਰ ਵੱਖਰੀ ਵੱਖਰੀ ਹੈ। ਹਉਮੈਂ ਦੇ ਪਹਾੜ ਉਚੇਰੇ ਹੋ ਰਹੇ ਹਨ ਅਤੇ ਸ਼ਬਦ ਸਭਿਆਚਾਰ ਸਹਿਕ ਰਿਹਾ ਹੈ। ਸਮਾਗਮ ਦੀ ਸ਼ਰੂਆਤ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਬਰਮਿੰਘਮ ਦੇ ਵਿੱਤ ਸਕੱਤਰ ਸ: ਹਰਦੇਵ ਸਿੰਘ ਮੰਡ ਤੇ ਹਰਜਿੰਦਰ ਸਿੰਘ ਸੰਧੂ ਨੇ ਆਪਣੇ ਸਵਾਗਤੀ ਭਾਸ਼ਨ ਦੁਆਰਾ ਹੋਈ ਮੰਚ ਸੰਚਾਲਨ ਕਰਦਿਆਂ ਖੋਜੀ ਵਿਦਵਾਨ ਲੇਖਕ ਬਲਵਿੰਦਰ ਸਿੰਘ ਚਾਹਲ ਨੇ ਗੁਰਭਜਨ ਗਿੱਲ ਜੀ ਦੀ ਸੰਖੇਪ ਸਾਹਿੱਤਕ ਜਾਣ ਪਛਾਣ ਕਰਵਾਈ। ਵੱਖ ਵੱਖ ਕਵੀ ਬੁਲਾਰਿਆਂ ਨੇ ਗੁਰੂ ਨਾਨਕ ਜੀ ਦੇ ਜੀਵਨ ਸੰਬੰਧੀ ਕਵਿਤਾ ਪਾਠ ਅਤੇ ਹੋਰ ਵਿਚਾਰਾਂ ਕੀਤੀਆਂ। ਬਾਲ ਕਵੀ ਜਸਜੀਤ ਸਿੰਘ ਚਾਹਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾ ਪੇਸ਼ ਕਰਕੇ ਕਵੀ ਦਰਬਾਰ ਦਾ ਆਰੰਭ ਕੀਤਾ। ਇਸ ਸਮੇਂ ਬੋਲਦੇ ਹੋਏ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਵਿਚਾਰ ਵਟਾਂਦਰੇ ਦੌਰਾਨ ਗੁਰੂ ਨਾਨਕ ਜੀ ਦੀਆਂ ਸਿਖਿਆਵਾਂ ਨੂੰ ਸਮਝਣ ਤੇ ਜੋਰ ਦਿੱਤਾ। ਉਹਨਾਂ ਨੇ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ' ਦੇ ਸਿਧਾਂਤ ਬਾਰੇ ਕਿਹਾ ਕਿ ਗੁਰੂ ਜੀ ਨੇ ਬਹੁਤ ਸਰਲ ਸ਼ਬਦਾਂ ਵਿੱਚ ਸਾਨੂੰ ਹਵਾ, ਪਾਣੀ ਅਤੇ ਧਰਤੀ ਦੀ ਸੰਭਾਲ ਬਾਰੇ ਸੁਨੇਹਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਗੁਰੂ ਜੀ ਦੀਆਂ ਸਿਖਿਆਵਾਂ ਨੂੰ ਮੰਨਣ ਦੀ ਬਜਾਏ, ਗੁਰੂ ਅਤੇ ਗੁਰਬਾਣੀ ਨਾਲ ਵਿਚਾਰ ਕਰਨ ਦੀ ਬਜਾਏ ਅਡੰਬਰਾਂ ਵਿੱਚ ਖਚਿਤ ਹੋ ਰਹੇ ਹਾਂ। ਜਿਸਦਾ ਕਾਰਨ ਅਸੀਂ ਨਿਘਾਰ ਵੱਲ ਜਾ ਰਹੇ ਹਾਂ। ਇਸ ਤੋਂ ਬਾਅਦ ਯੋਰਪੀਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿ ਕਿਹਾ ਪੰਜਾਬੀ ਸੱਥ ਯੂਕੇ ਪੰਜਾਬੀ ਬੋਲੀ ਅਤੇ ਸਾਹਿਤ ਦੀ ਸੇਵਾ ਲਈ ਸਦਾ ਵੱਚਨਬੱਧ ਹੈ। ਇਸ ਦੌਰਾਨ ਪੰਜਾਬੀ ਸੱਥ ਵੱਲੋਂ ਗੁਰੂ ਨਾਨਕ ਜੀ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ "ਜਗਤ ਗੁਰ ਬਾਬਾ" ਕਿਤਾਬ ਨੂੰ ਰਿਲੀਜ਼ ਵੀ ਕੀਤਾ ਗਿਆ। ਹੋਰ ਬੁਲਾਰਿਆਂ ਤੇ ਕਵੀਆਂ ਵਿੱਚ ਨਿਰਮਲ ਸਿੰਘ ਕੰਧਾਲਵੀ, ਸਰਦੂਲ ਸਿੰਘ ਮਰਵਾਹਾ, ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ, ਸੁਖਦੇਵ ਸਿੰਘ ਬਾਂਸਲ, ਐੱਸ ਬਲਵੰਤ, ਮਨਮੋਹਨ ਸਿੰਘ ਮਹੇੜੂ, ਰੁਪਿੰਦਰ ਸਿੰਘ ਕੁੰਦਰਾ, ਬੀਬੀ ਰੁਪਿੰਦਰਜੀਤ ਕੌਰ ਨੇ ਭਾਗ ਲਿਆ। ਇਸ ਮੌਕੇ ਕੇ ਟੀ ਵੀ ਦੇ ਪੇਸ਼ਕਾਰ ਬਲਜਿੰਦਰ ਸਿੰਘ, ਵਰਿੰਦਰਪਾਲ ਸਿੰਘ ਗਿੱਲ, ਰਾਣਾ ਜੌਹਲ, ਰਾਣਾ ਬਾਸੀ ਮਾਧੋਝੰਡਾ, ਕੁਲਦੀਪ ਸਿੰਘ ਚਾਹਲ, ਸਵਰਨ ਸਿੰਘ ਚਾਹਲ, ਮਹਿੰਦਰ ਸਿੰਘ ਚਾਹਲ , ਅਮਰੀਕ ਸਿੰਘ ਧੌਲ, ਮਹਿੰਦਰ ਸਿੰਘ ਦਿਲਬਰ,ਕੁਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਕੁਮਾਰ, ਦਰਸ਼ਨ ਹਠੂਰ, ਕੁਲਵਿੰਦਰ ਸਿੰਘ ਪਾਹਲ, ਗੁਰਪ੍ਰੀਤ ਕੌਰ ਚਾਹਲ ਆਦਿ ਹਾਜ਼ਰ ਸਨ। ਇਸ ਮੌਕੇ ਯੋਰਪੀਨ ਪੰਜਾਬੀ ਸੱਥ ਤੇ ਸਾਹਿੱਤ ਸੰਗੀਤ ਸਭਾ ਇਟਲੀ ਵੱਲੋਂ ਗੁਰਭਜਨ ਗਿੱਲ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਵਰਿੰਦਰਪਾਲ ਸਿਘ ਗਿੱਲ ਨੇ ਕਾਵਿ ਸਿਰਜਣਾ ਕਰਨ ਲਈ ਇੱਕ ਯਾਦਗਾਰੀ ਪੈੱਨ ਭੇ਼ਟ ਕੀਤਾ। ਬਰਮਿੰਘ ਤੋਂ ਵਿਦਾਈ ਵੇਲੇ ਪ੍ਰਸਿੱਧ ਪੰਜਾਬੀ ਗੀਤਕਾਰ ਹਰਜਿੰਦਰ ਮੱਲ ਵਿਸ਼ੇਸ਼ ਤੌਰ ਤੇ ਵਾਲਸਾਲ ਤੋਂ ਪੁੱਜੇ।