You are here

ਜ਼ਿਲਾ ਲੁਧਿਆਣਾ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਪਹਿਲੀ ਜਨਵਰੀ ਤੋਂ ਲਾਗੂ ਹੋਵੇਗੀ 'ਈ-ਆਫਿਸ' ਪ੍ਰਣਾਲੀ

ਸਾਰੇ ਨੋਡਲ ਅਧਿਕਾਰੀਆਂ ਦੀ ਮੀਟਿੰਗ ਵਿੱਚ ਪ੍ਰਗਤੀ ਦਾ ਜਾਇਜ਼ਾ, ਨੋਡਲ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਸਿਖ਼ਲਾਈ
ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸਰਕਾਰੀ ਫਾਈਲਾਂ ਦੀ ਨਿਰਵਿਘਨ ਇਲੈਕਟ੍ਰਾਨਿਕ ਗਤੀ ਅਤੇ ਫੈਸਲਿਆਂ ਨੂੰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਲਈ, ਜ਼ਿਲਾ ਲੁਧਿਆਣਾ ਵਿੱਚ 1 ਜਨਵਰੀ, 2020 ਤੋਂ ਸਾਰੇ ਸਰਕਾਰੀ ਦਫਤਰਾਂ ਵਿਚ ਈ-ਆਫ਼ਿਸ ਦੀ ਸੁਵਿਧਾ ਲਾਗੂ ਹੋਣ ਜਾ ਰਹੀ ਹੈ। ਜਿਸ ਸੰਬੰਧੀ ਅੱਜ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਰੇ ਸਰਕਾਰੀ ਵਿਭਾਗਾਂ ਦੇ ਨੋਡਲ ਅਫ਼ਸਰਾਂ ਦੀ ਮੀਟਿੰਗ ਹੋਈ ਅਤੇ ਇਸਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜਨਰਲ) ਡਾ ਹਿਮਾਂਸ਼ੂ ਗੁਪਤਾ ਨੇ ਕੀਤੀ। ਨੋਡਲ ਅਫਸਰਾਂ ਨੂੰ ਸੰਬੋਧਨ ਕਰਦਿਆਂ ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ 1 ਜਨਵਰੀ, 2020 ਤੋਂ ਈ-ਆਫਿਸ ਪ੍ਰਣਾਲੀ ਜ਼ਿਲਾ ਲੁਧਿਆਣਾ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਸ਼ੁਰੂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚ ਈ-ਆਫ਼ਿਸ ਪ੍ਰਣਾਲੀ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਹੈ ਅਤੇ ਹੁਣ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਨੂੰ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਵਿਚ ਵਧਾਇਆ ਜਾਵੇਗਾ।ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਦਫਤਰਾਂ ਲਈ ਇੱਕ ਵਧੀਆ ਇੰਟਰਨੈੱਟ ਨੈੱਟਵਰਕ ਪਹਿਲਾਂ ਹੀ ਮੌਜੂਦ ਹੈ। ਹੁਣ ਵਿਭਾਗਾਂ ਨੂੰ ਈ-ਆਫਿਸ ਪ੍ਰਣਾਲੀ ਨੂੰ ਲਾਗੂ ਕਰਨ ਲਈ ਆਪਣੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਹਾਇਕ ਕਮਿਸ਼ਨਰ (ਜਨਰਲ) ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਦਫਤਰਾਂ ਵਿਚਲੀਆਂ ਸਾਰੀਆਂ ਫਾਈਲਾਂ ਹੱਥੀਂ ਬਣਾਈਆਂ ਜਾਂਦੀਆਂ ਹਨ। ਨਵੀਂ ਪ੍ਰਣਾਲੀ ਸੇਵਾਵਾਂ ਦੀ ਸਪੁਰਦਗੀ ਦੇ ਸਮੇਂ ਨੂੰ ਸੁਧਾਰਨ ਤੋਂ ਇਲਾਵਾ ਸਰਲ, ਜਵਾਬਦੇਹ, ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਕਾਰਜਸ਼ੀਲ ਵਾਤਾਵਰਣ ਦੀ ਸਿਰਜਣਾ ਕਰੇਗੀ। ਅਦਾਰਿਆਂ ਨਾਲ ਜੁੜੇ ਕੰਮ, ਬਿਲਿੰਗ, ਵਰਕ ਆਰਡਰ, ਆਡਿਟ, ਇੰਜੀਨੀਅਰਿੰਗ ਫਾਈਲਾਂ ਅਤੇ ਟੈਂਡਰ ਪ੍ਰਕਿਰਿਆ ਵਾਲੇ ਦਸਤਾਵੇਜ਼ ਵੀ ਈ-ਆਫ਼ਿਸ 'ਤੇ ਕੀਤੇ ਜਾਣਗੇ। ਸਿਸਟਮ ਬਾਰੇ ਦੱਸਦੇ ਹੋਏ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਕਿਸੇ ਖਾਸ ਕੰਮ ਲਈ ਵਸਨੀਕ ਤੋਂ ਪ੍ਰਾਪਤ ਕੀਤੀ ਅਰਜ਼ੀ ਨੂੰ ਸਕੈਨ ਕਰਕੇ ਈ-ਫਾਰਮ ਦੇ ਰੂਪ ਵਿਚ ਅਪਲੋਡ ਕੀਤਾ ਜਾਵੇਗਾ।ਇਸ ਤੋਂ ਬਾਅਦ ਈ-ਆਫ਼ਿਸਰ ਪ੍ਰਣਾਲੀ ਵੱਖ-ਵੱਖ ਵਿਭਾਗਾਂ ਦੇ ਸਟਾਫ ਨੂੰ ਫਾਈਲ 'ਤੇ ਨਜ਼ਰ ਰੱਖਣ ਵਿੱਚ ਸਹਾਇਤਾ ਕਰੇਗੀ। ਕਾਗਜ਼ ਰਹਿਤ ਵਾਤਾਵਰਣ ਬਣਾਉਣ ਦੇ ਨਾਲ, ਇਹ ਸਿਸਟਮ ਵਿਭਾਗਾਂ ਨੂੰ ਹੋਰ ਕਾਰਜਾਂ, ਜਿਵੇਂਕਿ ਕਰਮਚਾਰੀ ਪ੍ਰਬੰਧਨ ਅਤੇ ਹੋਰ ਸਬੰਧਤ ਪ੍ਰਕਿਰਿਆਵਾਂ ਨੂੰ ਸਵੈ-ਚਾਲਿਤ ਕਰਨ ਵਿਚ ਮਦਦ ਕਰੇਗਾ, ਬਦਲੇ ਵਿੱਚ ਵੱਡੀ ਮਾਤਰਾ ਵਿੱਚ ਕਾਗਜ਼ ਦੀ ਬਚਤ ਵਿਚ ਸਹਾਇਤਾ ਕਰੇਗਾ। ਉਨਾਂ ਕਿਹਾ ਕਿ ਫਾਈਲਾਂ ਦੀ ਪਾਰਦਰਸ਼ੀ ਟਰੈਕਿੰਗ ਸਮੇਂ ਦੇ ਨਾਲ-ਨਾਲ ਕੰਮ ਨੂੰ ਤੇਜ਼ ਕਰਨ ਵਿੱਚ ਸਹਾਇਤਾ ਕਰੇਗੀ।ਉਨਾਂ ਕਿਹਾ ਕਿ ਇਸ ਸੰਬੰਧੀ ਵੱਖ-ਵੱਖ ਨੋਡਲ ਅਧਿਕਾਰੀਆਂ ਅਤੇ ਮਾਸਟਰ ਟਰੇਨਰਾਂ ਦੀ ਸਿਖ਼ਲਾਈ ਵੀ ਜਲਦ ਕਰਵਾਈ ਜਾ ਰਹੀ ਹੈ।