21 ਪੰਚਾਇਤਾਂ ਨੂੰ ਮਿਲਣਗੀਆਂ ਸ਼ਹਿਰਾਂ ਵਰਗੀਆਂ ਸਹੂਲਤਾਂ, ਲੁਧਿਆਣਾ ਸਮੇਤ ਪੰਜਾਬ ਦੇ ਪੰਜ ਜ਼ਿਲ੍ਹਿਆਂ ਨੂੰ ਪ੍ਰੋਜੈਕਟ ਅਧੀਨ ਕੀਤਾ ਜਾਵੇਗਾ ਕਵਰ
ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਦੇ ਸਦਕਾ ਧਾਂਦਰਾ ਕਲੱਸਟਰ ਨੂੰ ਸ਼ਿਆਮਾ ਪ੍ਰਸ਼ਾਦ ਮੁਖ਼ਰਜੀ ਅਰਬਨ ਮਿਸ਼ਨ ਅਧੀਨ ਮਨਜ਼ੂਰੀ ਮਿਲੀ ਹੈ। ਇਸ ਕਲੱਸਟਰ ਵਿੱਚ 21 ਪੰਚਾਇਤਾਂ/ਪਿੰਡਾਂ/ਕਲੋਨੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਪੂਰੇ ਪ੍ਰੋਜੈਕਟ ’ਤੇ 100 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਖਰਚੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਿਆਮਾ ਪ੍ਰਸ਼ਾਦ ਮੁਖਰਜੀ ਅਰਬਨ ਮਿਸ਼ਨ ਚਲਾਇਆ ਜਾ ਰਿਹਾ ਹੈ, ਜਿਸ ਵਿਚ ਧਾਂਦਰਾ ਕਲੱਸਟਰ ਦੀ ਚੋਣ ਕੀਤੀ ਗਈ ਹੈ। ਇਸ ਕਲੱਸਟਰ ਦੇ ਸਮੁੱਚੇ ਵਿਕਾਸ ਲਈ ਹਰ ਤਰ੍ਹਾਂ ਦੇ ਵਿਕਾਸ ਕਾਰਜ ਕੀਤੇ ਜਾਣਗੇ। ਜਿਸ ਤਹਿਤ ਇਲਾਕੇ ਵਿੱਚ ਸੀਵਰੇਜ, ਸੜਕਾਂ, ਸੋਲਰ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜੋ ਕਾਰਜ ਫੰਡਾਂ ਦੀ ਘਾਟ ਕਾਰਨ ਅਧੂਰੇ ਰਹਿ ਗਏ ਸਨ, ਨੂੰ ਵੀ ਇਸ ਮਿਸ਼ਨ ਰਾਹੀਂ ਪ੍ਰਾਪਤ ਫੰਡਾਂ ਰਾਹੀਂ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਧਾਂਦਰਾ ਕਲੱਸਟਰ ਵਿੱਚ ਮਹਿਮੂਦਪੁਰਾ, ਧਾਂਦਰਾ, ਜਨਤਾ ਕਲੋਨੀ ਗਿੱਲ, ਗੁਰੂ ਨਾਨਕ ਨਗਰ, ਹਿੰਮਤ ਸਿੰਘ ਨਗਰ, ਭਗਤ ਸਿੰਘ ਨਗਰ, ਸ਼ਹੀਦ ਬਾਬਾ ਦੀਪ ਸਿੰਘ ਨਗਰ, ਬਾਬਾ ਦੀਪ ਸਿੰਘ ਨਗਰ, ਬੇਰੀ ਕਲੋਨੀ ਚੌਹਾਨ ਨਗਰ, ਗੁਰੂ ਨਾਨਕ ਨਗਰ (ਦੁੱਗਰੀ), ਪ੍ਰੀਤ ਵਿਹਾਰ, ਸ਼ਹੀਦ ਭਗਤ ਸਿੰਘ ਨਗਰ, ਸਤਜੋਤ ਨਗਰ, ਬਸੰਤ ਐਵੇਨਿੳੂ, ਜਨਤਾ ਇਨਕਲੇਵ, ਰੂਪਨ ਨਗਰ, ਤੇਰਾ ਨਗਰ, ਮਾਣਕਵਾਲ, ਜਸਦੇਵ ਸਿੰਘ ਨਗਰ, ਨਿੳੂ ਗੁਰੂ ਤੇਗ ਬਹਾਦਰ ਨਗਰ ਅਤੇ ਦੇਵ ਨਗਰ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਭਾਰਤ ਸਰਕਾਰ ਵੱਲੋਂ ਸਾਲ 2016 ਵਿਚ ਸ਼ੁਰੂਆਤ ਕੀਤੀ ਗਈ ਸੀ। ਜਿਸ ਦਾ ਕੰਮ ਹੁਣ ਪੰਜਾਬ ਵਿੱਚ ਵੀ ਸ਼ੁਰੂ ਹੋ ਗਿਆ ਹੈ ਅਤੇ ਪੰਜਾਬ ਦੇ ਪੰਜ ਜ਼ਿਲ੍ਹੇ ਇਸ ਪ੍ਰੋਜੈਕਟ ਵਿੱਚ ਕਵਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਲੁਧਿਆਣਾ ਪਹਿਲਾ ਹੈ, ਜਿਸ ਨੇ ਦੂਜੇ ਪੜ੍ਹਾਅ ਵਿੱਚ ਸਭ ਤੋਂ ਪਹਿਲਾਂ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲੇ ਗੇੜ ਵਿੱਚ ਜ਼ਿਲ੍ਹਾ ਬਠਿੰਡਾ ਅਤੇ ਸ੍ਰੀ ਅੰਮਿ੍ਰਤਸਰ ਸਾਹਿਬ ਦੇ ਦੋ ਕਲੱਸਟਰਾਂ ’ਤੇ ਕੰਮ ਚਾਲੂ ਹੈ। ਬਿੱਟੂ ਨੇ ਦੱਸਿਆ ਕਿ ਭਾਵੇਂਕਿ ਇਹ ਪੰਚਾਇਤਾਂ/ਪਿੰਡਾਂ/ਕਲੋਨੀਆਂ ਸ਼ਹਿਰ ਲੁਧਿਆਣਾ ਦੇ ਨਾਲ ਹੀ ਲੱਗਦੀਆਂ ਹਨ ਪਰ ਇਨ੍ਹਾਂ ਕੋਲ ਆਪਣੀ ਕੋਈ ਵੀ ਜ਼ਮੀਨ ਅਤੇ ਹੋਰ ਆਮਦਨੀ ਦਾ ਸਾਧਨ ਨਾ ਹੋਣ ਕਾਰਨ ਇਨ੍ਹਾਂ ਦੇ ਵਿਕਾਸ ਵਿੱਚ ਵੱਡੀ ਖੜੋਤ ਆਈ ਹੋਈ ਸੀ। ਜਿਸ ਨੂੰ ਇਸ ਮਿਸ਼ਨ ਤਹਿਤ ਕਲੱਸਟਰ ਬਣਾ ਕੇ ਦੂਰ ਕਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਲੱਸਟਰ ਦੇ ਸਰਬਪੱਖੀ ਵਿਕਾਸ ਲਈ ਜ਼ਮੀਨੀ ਪੱਧਰ ’ਤੇ ਵਿਕਾਸ ਜਲਦ ਸ਼ੁਰੂ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਲੁਧਿਆਣਾ ਦਾ ਸਰਬਪੱਖੀ ਵਿਕਾਸ ਕਰਾਉਣ ਲਈ ਉਹ ਪੂਰਨ ਤੌਰ ’ਤੇ ਤਤਪਰ ਹਨ।