ਗਿੱਦੜਬਾਹਾ, 23 ਫਰਵਰੀ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਸ਼ਾਇਦ ਕੋਈ ਗਲਤੀ ਜ਼ਰੂਰ ਕੀਤੀ ਹੈ ਕਿ ਉਹ ਖ਼ੁਦ ਹੀ ਗ੍ਰਿਫਤਾਰ ਹੋਣ ਲਈ ਚੰਡੀਗੜ੍ਹ ਪੁੱਜ ਗਏ, ਜਦਕਿ ਬਹਿਬਲ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਨੇ ਹਾਲੇ ਤੱਕ ਬਾਦਲ ਦੇ ਇਸ ਵਿਚ ਸ਼ਾਮਲ ਹੋਣ ਜਾਂ ਨਾ ਹੋਣ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਰਾਜਾ ਵੜਿੰਗ ਅੱਜ ਸਥਾਨਕ ਭਾਰੂ ਚੌਕ ਅਤੇ ਹੁਸਨਰ ਚੌਕ ਦੇ ਨਵੀਨੀਕਰਨ ਦੇ ਕੰਮ ਨੂੰ ਸ਼ੁਰੂ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਸਨ। ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਜਾਂਦੇ ਨਦੀਆਂ ਦੇ ਪਾਣੀ ਰੋਕਣ ਦੇ ਫੈਸਲੇ ਨੂੰ ਸਹੀ ਕਰਾਰ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਦੇਸ਼ ਨੇ ਹਮੇਸ਼ਾਂ ਹੀ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਇਆ, ਉਸ ਨਾਲ ਕਿਸੇ ਵੀ ਤਰਾਂ ਦੇ ਸਬੰਧ ਰੱਖਣਾ ਸਾਡੇ ਲਈ ਹੋਰ ਘਾਤਕ ਸਿੱਧ ਹੋ ਸਕਦਾ ਹੈ। ਸਥਾਨਕ ਕਚਿਹਰੀ ਚੌਕ ਅਤੇ ਭਾਰੂ ਚੌਕ ਦੇ ਨਵੀਨੀਕਰਨ ਸਬੰਧੀ ਰਾਜਾ ਵੜਿੰਗ ਨੇ ਦੱਸਿਆ ਕਿ ਰਾਸ਼ਟਰੀ ਰਾਜ ਮਾਰਗ ਅਤੇ ਪੀ.ਡਬਲਯੂ.ਡੀ. ਨੇ ਸਾਂਝੇ ਤੌਰ ’ਤੇ ਇਸ ਦੀ ਰੂਪ-ਰੇਖਾ ਤਿਆਰ ਕੀਤੀ ਹੈ ਅਤੇ ਇਨ੍ਹਾਂ ਦੋਵਾਂ ਚੌਕਾਂ ਦੇ ਨਵੀਨੀਕਰਨ ਨਾਲ ਜਿੱਥੇ ਆਵਾਜਾਈ ਪ੍ਰਬੰਧ ਸੁਧਰੇਗਾ, ਉਥੇ ਹੀ ਸ਼ਹਿਰ ਦੀ ਦਿੱਖ ਵੀ ਸੋਹਣੀ ਬਣੇਗੀ। ਇਨ੍ਹਾਂ ਚੌਕਾਂ ਦੇ ਨਵੀਨੀਕਰਨ ’ਤੇ 1.85 ਕਰੋੜ ਰੁਪਏ ਦਾ ਖ਼ਰਚ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਲੰਬੀ ਰੋਡ ਦੇ ਫਾਟਕਾਂ ’ਤੇ ਫਲਾਈਓਵਰ ਬਣਾਉਣ ਦਾ ਕੰਮ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ ਅਤੇ ਇਸ ’ਤੇ ਕਰੀਬ 40 ਕਰੋੜ ਰੁਪਏ ਖਰਚ ਆਉਣਗੇ।