You are here

84 ਦੇਸ਼ਾਂ ਦੇ ਰਾਜਦੂਤ ਇਕੱਠੇ ਨਤਮਸਤਕ ਹੋਣ ਪਹੁੰਚੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਸਵਾਗਤੀ ਤੇ ਸਨਮਾਨ ਸਮਾਗਮ 'ਚ ਪੱਤਰਕਾਰਾਂ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ 

ਅੰਮਿ੍ਤਸਰ, ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਭਾਰਤ 'ਚ ਵੱਖ-ਵੱਖ ਮੁਲਕਾਂ ਦੇ ਹਾਈ ਕਮਿਸ਼ਨਰਾਂ ਦਾ ਇਕ ਉੱਚ ਪੱਧਰੀ ਵਫ਼ਦ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜਾ | ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ 'ਚ ਪੁੱਜੇ ਵਫ਼ਦ 'ਚ 84 ਮੁਲਕਾਂ ਦੇ ਹਾਈ ਕਮਿਸ਼ਨਰ, ਆਈ. ਸੀ. ਸੀ. ਆਰ. ਦੇ ਮੁਖੀ ਵਿਨੇ ਸਹਸਰਬੁੱਧੇ ਤੇ ਵਿਦੇਸ਼ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਸਨ | ਇਸ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ 'ਚ ਪੰਗਤ ਵਿਚ ਬੈਠ ਕੇ ਲੰਗਰ ਛਕਿਆ | ਇਸ ਦੌਰਾਨ ਸ਼ੋ੍ਰਮਣੀ ਕਮੇਟੀ ਵਲੋਂ ਵਫ਼ਦ ਦੇ ਸਨਮਾਨ 'ਚ ਰੱਖੇ ਸਮਾਗਮ ਦੌਰਾਨ ਰਾਜਦੂਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਹ ਵਫ਼ਦ ਸਵੇਰੇ 11 ਵਜੇ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜਾ ਜਿੱਥੋਂ ਇਹ ਰਾਜਦੂਤ ਵਿਸ਼ੇਸ਼ ਬੱਸਾਂ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ ਪੁੱਜੇ ਤੇ ਇੱਥੋਂ ਪੈਦਲ ਹੀ ਵਿਰਾਸਤੀ ਮਾਰਗ 'ਚ ਸੈਲਫ਼ੀਆਂ ਲੈਂਦੇ ਹੋਏ ਘੰਟਾ ਘਰ ਨੇੜੇ ਬਣੇ ਇੰਟਰਪ੍ਰੀਟੇਸ਼ਨ ਸੈਂਟਰ ਪੁੱਜੇ, ਜਿੱਥੇ ਉਨ੍ਹਾਂ ਕਰੀਬ ਇਕ ਘੰਟੇ ਤੱਕ ਇੰਟਰਪ੍ਰੀਟੇਸ਼ਨ ਸੈਂਟਰ ਨੂੰ ਦੇਖਿਆ ਜਿਸ ਤੋਂ ਇਹ ਵਫ਼ਦ ਬਹੁਤ ਪ੍ਰਭਾਵਿਤ ਹੋਇਆ | ਇਸ ਉਪਰੰਤ ਇਹ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਸੂਚਨਾ ਕੇਂਦਰ ਨੇੜੇ ਪੁੱਜਾ ਜਿੱਥੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਤੇ ਹੋਰਨਾਂ ਵਲੋਂ ਇਨ੍ਹਾਂ ਦਾ ਸਵਾਗਤ ਕੀਤਾ ਗਿਆ | ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਵਿਖੇ ਰਾਜਦੂਤਾਂ ਦੇ ਪੁੱਜਣ 'ਤੇ ਚਿੱਟ ਕੱਪੜੇ ਪੁਲਿਸ ਮੁਲਾਜ਼ਮਾਂ ਅਤੇ ਸ਼ੋ੍ਰਮਣੀ ਕਮੇਟੀ ਦੀ ਟਾਸਕ ਵਲੋਂ ਰਾਜਦੂਤਾਂ ਨੂੰ ਮਨੁੱਖੀ ਚੇਨ ਬਣਾ ਕੇ ਆਪਣੇ ਘੇਰੇ 'ਚ ਲੈ ਕੇ ਪ੍ਰਕਰਮਾ ਕਰਦੇ ਹੋਏ ਲੰਗਰ ਹਾਲ 'ਚ ਲੈ ਕੇ ਗਏ ਜਿੱਥੇ ਇਸ ਵਫ਼ਦ ਨੇ ਪੰਗਤ 'ਚ ਬੈਠ ਕੇ ਲੰਗਰ ਛਕਿਆ | ਇਸ ਦੌਰਾਨ ਹਾਈ ਕਮਿਸ਼ਨਰ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ 'ਚ ਰੋਜ਼ਾਨਾ 24 ਘੰਟੇ ਬਿਨਾਂ ਕਿਸੇ ਵਿਤਕਰੇ ਜਾਂ ਜਾਤ ਪਾਤ ਦੇ ਲੱਖਾਂ ਸੰਗਤਾਂ ਨੂੰ ਮੁਫ਼ਤ ਲੰਗਰ ਛਕਾਉਣ ਬਾਰੇ ਜਾਣ ਕੇ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਲੰਗਰ ਦੀ ਰਸੋਈ 'ਚ ਲੱਖਾਂ ਸ਼ਰਧਾਲੂਆਂ ਲਈ ਲੰਗਰ ਤਿਆਰ ਹੁੰਦਾ ਵੀ ਦੇਖਿਆ | ਇਸ ਉਪਰੰਤ ਇਹ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ ਉਪਰੰਤ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ | ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਮੁੱਖ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਰਾਜਦੂਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਪੰਥ 'ਚ ਲੰਗਰ ਦੀ ਮਹੱਤਤਾ ਤੇ ਸਿੱਖ ਸਿੱਖਿਆਵਾਂ ਤੋਂ ਜਾਣੂ ਕਰਵਾਇਆ |

ਰਾਜਦੂਤਾਂ ਦੇ ਇਸ ਵਫ਼ਦ ਦੇ ਇੱਥੇ ਪੁੱਜਣ 'ਤੇ ਸ਼ੋ੍ਰਮਣੀ ਕਮੇਟੀ ਵਲੋਂ ਇਨ੍ਹਾਂ ਦੇ ਸਵਾਗਤ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ 'ਚ ਇਸ ਵਫ਼ਦ ਦੇ ਮੈਂਬਰਾਂ ਦੇ ਸ਼ੋ੍ਰਮਣੀ ਕਮੇਟੀ ਵਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ, ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਅੰਤਿ੍ੰਗ ਮੈਂਬਰ ਭਾਈ ਮਨਜੀਤ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਭਗਵੰਤ ਸਿੰਘ ਸਿਆਲਕਾ, ਸਕੱਤਰ ਮਹਿੰਦਰ ਸਿੰਘ ਆਹਲੀ ਨੇ ਰਾਜਦੂਤਾਂ ਤੇ ਉਨ੍ਹਾਂ ਨਾਲ ਆਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਆਈ.ਸੀ.ਸੀ.ਆਰ. ਦੇ ਮੁਖੀ ਵਿਨੇ ਸਹਸਰਬੁੱਧੇ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ, ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨ ਕੀਤਾ | ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸਵਾਗਤੀ ਸ਼ਬਦਾਂ 'ਚ ਕਿਹਾ ਕਿ ਇਹ ਬੇਹੱਦ ਖ਼ਾਸ ਮੌਕਾ ਹੈ ਜਦੋਂ ਪੂਰੀ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਹਨ | ਇਸ ਨਾਲ ਆਪਸੀ ਭਾਈਚਾਰਕ ਸਾਂਝ ਤੇ ਮਿਲਵਰਤਨ ਦਾ ਸੁਨੇਹਾ ਪੂਰੀ ਦੁਨੀਆ 'ਚ ਫੈਲੇਗਾ | ਇਸ ਦੌਰਾਨ ਹਰਦੀਪ ਸਿੰਘ ਪੁਰੀ ਨੇ ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕੀਤੇ ਪ੍ਰਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕੇਂਦਰ ਸਰਕਾਰ ਨੇ 22 ਨਵੰਬਰ 2018 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਕਮੇਟੀ ਬਣਾਈ ਸੀ | ਇਸ ਵਲੋਂ ਇਸ ਪਾਵਨ ਦਿਹਾੜੇ ਦੇ ਸਬੰਧ 'ਚ ਕਈ ਪ੍ਰੋਗਰਾਮ ਉਲੀਕੇ ਗਏ ਹਨ | ਉਨ੍ਹਾਂ ਕਿਹਾ ਕਿ ਆਈ.ਸੀ.ਸੀ.ਆਰ. ਵਲੋਂ ਵੱਖ-ਵੱਖ ਮੁਲਕਾਂ ਦੇ ਰਾਜਦੂਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣੇ ਵੀ ਇਸ ਕੜੀ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਵੀ ਕੇਂਦਰ ਸਰਕਾਰ ਵਲੋਂ ਪ੍ਰੋਗਰਾਮ ਰੱਖਿਆ ਗਿਆ ਹੈ | ਰਾਜਦੂਤਾਂ ਦੇ ਵਫ਼ਦ 'ਚ ਪਾਕਿਸਤਾਨ ਦੇ ਰਾਜਦੂਤ ਦੀ ਗੈਰ-ਹਾਜ਼ਰੀ ਸਬੰਧੀ ਪੁੱਛੇ ਜਾਣ 'ਤੇ ਪੁਰੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਸਾਰੇ ਹੀ ਮੁਲਕਾਂ ਦੇ ਰਾਜਦੂਤਾਂ ਨੂੰ ਸੱਦਾ ਦਿੱਤਾ ਗਿਆ ਜਿਸ 'ਚ ਪਾਕਿਸਤਾਨੀ ਰਾਜਦੂਤ ਵੀ ਸ਼ਾਮਿਲ ਸਨ ਉਨ੍ਹਾਂ ਦਾ ਹਾਜ਼ਰ ਨਾ ਹੋਣਾ ਆਪਣਾ ਰੁਝੇਵਾਂ ਹੋ ਸਕਦਾ ਹੈ | ਇਸ ਦੌਰਾਨ ਆਈ. ਸੀ. ਸੀ. ਆਰ. ਦੇ ਮੁਖੀ ਵਿਨੇ ਸਹਸਰਬੁੱਧੇ ਨੇ ਰਾਜਦੂਤਾਂ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ 'ਤੇ ਉਨ੍ਹਾਂ ਦੇ ਸਵਾਗਤ ਤੇ ਸਨਮਾਨ 'ਚ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਸ੍ਰੀ ਹਰਿਮੰਦਰ ਸਾਹਿਬ ਪੁੱਜੇ ਰਾਜਦੂਤਾਂ 'ਚ ਅਫ਼ਗਾਨਿਸਤਾਨ, ਡੈਨਮਾਰਕ, ਆਸਟੇ੍ਰਲੀਆ, ਇਸਰਾਈਲ, ਨਿਊਜ਼ੀਲੈਂਡ, ਰਸ਼ੀਅਨ ਫ਼ੈੱਡਰੇਸ਼ਨ, ਅਮਰੀਕਾ, ਅਰਜਨਟੀਨਾ, ਅਜਰਬਾਈਜਨ, ਬੇਲਾਰੂਸ, ਭੁਟਾਨ, ਬੋਲਬੀਆ, ਬੋਸਨੀਆ, ਬੁਲਗਾਰੀਆ, ਬੁਰਕੀਨਾ ਫਾਸੋ, ਬਰੂੰਦੀ, ਕੰਬੋਡੀਆ, ਚਾਇਲ, ਕੋਸਟਾਰੀਕਾ, ਕੋਟੇ ਡੀ ਲਵੋਰੀ, ਕ੍ਰੋਏਸ਼ੀਆ, ਕਿਊਬਾ, ਸਾਈਪ੍ਰਸ, ਚੈੱਕ ਰਿਪਬਲਿਕ, ਡੋਮੀਨੀਅਨ ਰਿਪਬਲਿਕ, ਇਕਵਾਡੋਰ, ਇਕੁਆਟੋਰੀਅਲ, ਗੁਆਨਾ, ਇਰੀਟ੍ਰੀਆ, ਇਥੋਪੀਆ, ਫਿਜ਼ੀ, ਗੇਬੋਨ, ਜਾਂਬੀਆ, ਜਾਰਜੀਆ, ਗਰੀਸ, ਗੁਆਨਾ, ਆਈਸਲੈਂਡ, ਇੰਡੋਨੇਸ਼ੀਆ, ਈਰਾਨ, ਇਰਾਕ, ਕਜ਼ਾਕਿਸਤਾਨ, ਕੋਰੀਆ, ਕੁਵੈਤ, ਕਿਰਗਿਸਤਾਨ, ਲਾਉ, ਪੀਡੀਆਰ, ਲੈਬਨਾਨ, ਈਸੋਥੋ, ਲੀਬੀਆ, ਮਲੇਸ਼ੀਆ, ਮਾਲਦੀਵ, ਮਾਲੀ, ਮਾਲਟਾ, ਮਾਰੀਸ਼ਸ, ਮੈਕਸੀਕੋ, ਮੌਜਮਬੀਕ, ਮਿਆਂਮਾਰ, ਨਿਪਾਲ, ਨਾਈਜ਼ਰ, ਨਾਈਜੀਰੀਆ, ਨਾਰਥ ਮੈਕਡੋਨੀਆ, ਨਾਰਵੇ, ਫਿਲਸਤੀਨ, ਪਨਾਮਾ, ਪਪੂਆ ਨਿਊ ਗਿਨੀ, ਪੈਰਾਗੂਏ, ਪੇਰੂ, ਪੁਰਤਗਾਲ, ਰੋਮਾਨੀਆ, ਰਵਾਂਡਾ, ਸੈਸ਼ਲਜ, ਸਲੋਵਾਕ ਰਿਪਬਲਿਕ, ਸੋਮਾਲੀਆ, ਦੱਖਣੀ ਅਫ਼ਰੀਕਾ, ਸਪੇਨ, ਸ੍ਰੀਲੰਕਾ, ਸੂਰੀਨਾਮ, ਤਜਾਕਿਸਤਾਨ, ਟੋਗੋ, ਤਿ੍ਨੀਦਾਦ ਐਡ ਟੋਬਾਗੋ, ਟਿਊਨੇਸ਼ੀਆ, ਤੁਰਕਮੇਨਿਸਤਾਨ, ਵੀਅਤਨਾਮ, ਯਮਨ ਤੇ ਜ਼ਿੰਬਾਬਵੇ ਆਦਿ ਮੁਲਕਾਂ ਦੇ ਰਾਜਦੂਤ ਸ਼ਾਮਿਲ ਸਨ | ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਅਵਤਾਰ ਸਿੰਘ ਸੈਂਪਲਾ, ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਮੁਖਤਾਰ ਸਿੰਘ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਆਦਿ ਮੌਜੂਦ ਸਨ |