You are here

ਭਾਰਤ ਅਤੇ ਪੰਜਾਬ ਸਰਕਾਰ ਪੰਜਾਬ ਤੋਂ ਕਰਤਾਰਪੁਰ ਸਾਹਿਬ ਜਾਣ ਲਈ 20 ਡਾਲਰ ਫੀਸ ਨਾਲੋਂ ਦਰਸ਼ਨਾਂ ਨੂੰ ਅਹਿਮੀਅਤ ਦੇਵੋ

ਬਰਮਿੰਘਮ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਪਾਸੋਂ ਪਾਕਿਸਤਾਨ ਸਰਕਾਰ ਦੁਆਰਾ 20 ਡਾਲਰ ਦੀ ਫੀਸ ਵਸੂਲ ਕਰਨ ਸਬੰਧੀ ਭਾਰਤ ਅਤੇ ਪੰਜਾਬ ਸਰਕਾਰ ਵਲੋਂ ਜੋ ਰੇੜਕਾ ਪਾਇਆ ਜਾ ਰਿਹਾ ਹੈ | ਇਹ ਬਿਲਕੁਲ ਫਜ਼ੂਲ ਤੇ ਬੇਲੋੜਾ ਹੈ | ਸਿੱਖ ਇਹ ਮਾਮੂਲੀ ਫੀਸ ਦੇਣ ਲਈ ਤਿਆਰ ਹਨ | ਇਹ ਗੱਲ ਇੰਗਲੈਂਡ ਦੀਆਂ ਸੰਸਥਾਵਾਂ ਦੇ ਆਗੂਆਂ ਕਾਰਸੇਵਾ ਕਮੇਟੀ ਯੂ. ਕੇ. ਦੇ ਪ੍ਰਧਾਨ ਅਵਤਾਰ ਸਿੰਘ ਸੰਘੇੜਾ, ਜਨਰਲ ਸਕੱਤਰ ਜੋਗਾਸਿੰਘ, ਸਿੱਖ ਅਜਾਇਬਘਰ ਡਰਬੀ ਦੇ ਚੇਅਰਮੈਨ ਰਾਜਿੰਦਰ ਸਿੰਘ ਪੁਰੇਵਾਲ, ਗੁਰਦੁਆਰਾ ਸਿੰਘ ਸਭਾ ਗ੍ਰੇਟ ਬਾਰ ਬਰਮਿੰਘਮ ਦੇ ਸੇਵਾਦਾਰ ਬਲਬੀਰ ਸਿੰਘ, ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਰਘਬੀਰ ਸਿੰਘ ਅਤੇ ਸਿੱਖ ਸੇਵਕ ਸੁਸਾਇਟੀ ਦੇ ਜਨਰਲ ਸਕੱਤਰ ਮਲਕੀਤ ਸਿੰਘ ਦੇ ਨਾਂਅ ਵਰਣਨਯੋਗ ਹਨ |
ਉਕਤ ਆਗੂਆਂ ਨੇ ਕਿਹਾ ਕਿ ਕਾਰ ਸੇਵਾ ਕਮੇਟੀ ਨੇ ਪਿਛਲੇ 25 ਸਾਲਾਂ 'ਚ ਕਰੋੜਾਂ ਰੁਪਏ ਖਰਚ ਕੇ ਗੁਰਦੁਆਰਿਆਂ ਦੀ ਸੇਵਾ ਕਰਵਾਈ ਅਤੇ ਰਿਹਾਇਸ਼ੀ ਸਰਾਵਾਂ ਤੇ ਲੰਗਰ ਹਾਲ ਬਣਵਾਏ ਹਨ | ਉਕਤ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਕਰਤਾਰਪੁਰ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਸਹੂਲਤਾਂ ਦੇਣ ਵਾਸਤੇ 2000 ਏਕੜ ਦੇ ਕਰੀਬ ਜ਼ਮੀਨ ਅਕਵਾਇਰ ਕਰਕੇ ਵੱਡਾ ਪ੍ਰਾਜੈਕਟ ਤਿਆਰ ਕੀਤਾ ਹੈ ਅਤੇ ਕਈ ਹਜ਼ਾਰ ਕਰੋੜ ਰੁਪਏ ਖਰਚ ਕੇ ਲਾਂਘਾ ਤੇ ਸਹੂਲਤਾਂ ਪੈਦਾ ਕੀਤੀਆਂ ਜਾ ਰਹੀਆਂ ਹਨ | ਉਥੋਂ ਦੀ ਸਰਕਾਰ ਕੇਵਲ ਸੰਗਤਾਂ ਦੇ ਆਉਣ ਜਾਣ ਲਈ ਸਹੂਲਤ ਵਾਸਤੇ ਜਿਹੜੇ ਕਾਮੇ ਰੱਖੇਗੀ, ਇਹ ਫੀਸ ਕੇਵਲ ਉਨ੍ਹਾਂ ਦੀਆਂ ਤਨਖਾਹਾਂ ਹੀ ਪੂਰੀਆਂ ਕਰਨ ਲਈ ਹੋਵੇਗੀ | ਪਾਕਿਸਤਾਨ ਸਰਕਾਰ ਨੇ ਸਿੱਖਾਂ ਲਈ ਜੋ ਕੀਤਾ ਹੈ, ਉਸ ਦੀ ਕੋਈ ਕੀਮਤ ਨਹੀਂ, ਪਰ ਫੇਰ ਵੀ ਸਿੱਖ ਏਨੀ ਕੁ ਫੀਸ ਦੇਣ ਦੇ ਸਮਰੱਥ ਹਨ | ਪੰਜਾਬ ਤੇ ਭਾਰਤ ਸਰਕਾਰ ਨੂੰ 20 ਡਾਲਰ ਫੀਸ ਦਾ ਬੇਲੋੜਾ ਵਿਵਾਦ ਖਤਮ ਕਰਨਾ ਚਾਹੀਦਾ ਹੈ |