ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਹਲਕਾ ਦਾਖਾ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਸਿਆਸਤ ‘ਚਿੱਟੇ’ ਦੇ ਆਲੇ-ਦੁਆਲੇ ਹੀ ਘੁੰਮ ਰਹੀ ਹੈ। ਹਾਲਾਤ ਇਹ ਹਨ ਕਿ ਲੋਕ ਸਭਾ ਚੋਣਾਂ-2014, ਵਿਧਾਨ ਸਭਾ ਚੋਣਾਂ-2017 ਤੇ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਜਿਵੇਂ ਇਸ ਹਲਕੇ ਵਿੱਚ ਸਿਆਸੀ ਆਗੂਆਂ ਲਈ ‘ਚਿੱਟਾ’ ਚੋਣਾਂ ਦਾ ਮੁੱਖਾ ਮੁੱਦਾ ਸੀ, ਉਵੇਂ ਹੀ ਇਸ ਜ਼ਿਮਨੀ ਚੋਣ ਵਿੱਚ ‘ਚਿੱਟੇ’ ਦਾ ਮੁੱਦਾ ਮੁੱਖ ਬਣਿਆ ਹੋਇਆ ਹੈ।
ਸੱਤਾਧਾਰੀ ਹੋਣ ਜਾਂ ਫਿਰ ਵਿਰੋਧੀ, ਹਲਕਾ ਦਾਖਾ ਦੀਆਂ ਚੋਣਾਂ ਵਿੱਚ ਖੜ੍ਹੇ ਹਰ ਪਾਰਟੀ ਦੇ ਉਮੀਦਵਾਰ ਦਾ ਚੋਣ ਮੁੱਦਾ ‘ਚਿੱਟਾ’ ਖਤਮ ਕਰਨਾ ਹੀ ਹੈ। ਚਿੱਟੇ ਨੇ ਹਲਕਾ ਦਾਖਾ ਦੇ ਬੇਟ ਖੇਤਰ ਵਿੱਚ ਕਈ ਨੌਜਵਾਨਾਂ ਦੀ ਜਾਨ ਲਈ ਹੈ, ਜਿਨ੍ਹਾਂ ਦੇ ਮਾਪੇ ਅਸਲ ਵਿੱਚ ਚਿੱਟਾ ਮੁਕਤ ਸਮਾਜ ਚਾਹੁੰਦੇ ਹਨ। ਉਧਰ, ਹਲਕਾ ਦਾਖਾ ਦੇ ਵਸਨੀਕਾਂ ਦੀ ਮੰਨੀਏ ਤਾਂ 2014 ਵਿੱਚ ਅਕਾਲੀ ਸਰਕਾਰ ਸਮੇਂ ਜਿਸ ਤਰ੍ਹਾਂ ਨਸ਼ਾ ਵਿਕਦਾ ਸੀ ਉਸੇ ਤਰ੍ਹਾਂ ਹੁਣ ਵੀ ਵਿਕ ਰਿਹਾ ਹੈ ਪਰ ਕੁਝ ਠੱਲ੍ਹ ਜ਼ਰੂਰ ਪਈ ਹੈ।
ਜ਼ਿਕਰਯੋਗ ਹੈ ਲੋਕ ਸਭਾ ਚੋਣਾਂ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਚਿੱਟੇ ਨੂੰ ਹੀ ਇਸ ਇਲਾਕੇ ਵਿੱਚ ਮੁੱਖ ਮੁੱਦਾ ਬਣਾਇਆ ਸੀ। ਉਨ੍ਹਾਂ ਨੇ ਬੇਟ ਇਲਾਕੇ ਵਿੱਚ ਕਾਫ਼ੀ ਪ੍ਰਚਾਰ ਕੀਤਾ ਸੀ। ਚੋਣ ਪ੍ਰਚਾਰ ਦੌਰਾਨ ਚਿੱਟੇ ਦਾ ਸਟੈਂਡ 2014 ਵਾਲਾ ਹੀ ਹੈ। ਹੁਣ ਵੀ ਬੇਟ ਸਮੇਤ ਦਾਖਾ ਦੇ ਕਈ ਪਿੰਡਾਂ ਵਿੱਚ ਚਿੱਟਾ ਹੀ ਚੋਣਾਂ ਦਾ ਮੁੱਦਾ ਹੈ। ਇਸ ਮੁੱਦੇ ਬਾਰੇ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਬੇਟ ਇਲਾਕੇ ਵਿੱਚ ਜ਼ਿਆਦਾ ਬੁਰਾ ਹਾਲ ਹੈ। ਗੁਰਸੀਆਂ ਖਾਨ ਮੁਹੰਮਦ ਪਿੰਡ ਦੇ ਵਸਨੀਕ ਕਾਮਰੇਡ ਬਲਜੀਤ ਸਿੰਘ ਨੇ ਦੱਸਿਆ ਕਿ ਚਿੱਟੇ ਦੇ ਨਸ਼ੇ ਨਾਲ ਮਰੇ ਨੌਜਵਾਨਾਂ ਦੀ ਕੋਈ ਗਿਣਤੀ ਨਹੀਂ ਹੈ। ਪਰ ਫਿਰ ਵੀ ਨੇੜਲੇ ਪਿੰਡਾਂ ਇਸ ਸਾਲ 5 ਤੋਂ 6 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਪਿਛਲੇ ਢਾਈ ਸਾਲ ਤੋਂ ਸੂਬੇ ਦੀ ਸੱਤਾ ’ਤੇ ਬੈਠੀ ਕਾਂਗਰਸ ਦੇ ਉਮੀਦਵਾਰ ਸੰਦੀਪ ਸੰਧੂ ਵੀ ਨਸ਼ੇ ਨੂੰ ਮੁੱਦਾ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਕ ਬਣਾਉਣ ਨਾਲ ਕੁਝ ਨਹੀਂ ਹੋਣਾ, ਦਾਖਾ ਵਿੱਚ ਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਜ਼ਰੂਰੀ ਹੈ।