ਲੰਡਨ , ਅਕਤੂਬਰ 2019 -( ਗਿਆਨੀ ਰਵਿਦਾਰਪਾਲ ਸਿੰਘ) - ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਭਾਰਤ ਸਮੇਤ ਦੇਸ਼ ਵਿਦੇਸ਼ ਦੀਆਂ ਜੇਹਲਾਂ ਵਿੱਚ ਬੰਦ ਸਮੁੱਚੇ ਸਿੰਘਾਂ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਉਹਨਾਂ ਦੀ ਕੁਰਬਾਨੀ ਨੂੰ ਸਿੱਜਦਾ ਕੀਤਾ ਗਿਆ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਆਖਿਆ ਗਿਆ ਹੈ ਕਿ ਸਾਰੇ ਹੀ ਸਿੱਖਾਂ ਦੀ ਰਿਹਾਈ ਹੋਈ ਚਾਹੀਦੀ ਹੈ । ਭਾਈ ਬਲਵੰਤ ਸਿੰਘ ਰਾਜੋਆਣਾ,ਭਾਈ ਜਗਤਾਰ ਸਿੰਘ ਹਾਵਾਰਾ,ਭਾਈ ਪਰਮਜੀਤ ਸਿੰਘ ਭਿਉਰਾ,ਭਾਈ ਜਗਤਾਰ ਸਿੰਘ ਤਾਰਾ,ਭਾਈ ਹਰਨੇਕ ਸਿੰਘ ਭੱਪ,ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਦਿਆ ਸਿੰਘ ਲਾਹੌਰੀਆ ਵਰਗੇ ਸਿੰਘ ਦੋ ਦੋ ,ਢਾਈ ਢਾਈ ਦਹਾਕਿਆਂ ਦਾ ਸਮਾਂ ਜੇਹਲਾਂ ਵਿੱਚ ਬਤੀਤ ਕਰ ਚੁੱਕੇ ਹਨ ਅਤੇ ਉਹ ਹਰ ਤਰਾਂ ਨਾਲ ਰਿਹਾਈ ਦੇ ਹੱਕਦਾਰ ਹਨ । ਪਿਛਲੇ 27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਭਾਈ ਲਾਲ ਸਿੰਘ ਅਕਾਲ ਗੜ੍ਹ ਸਮੇਤ ਕੁੱਝ ਸਿੰਘਾਂ ਦੀ ਰਿਹਾਈ ਦੀ ਖਬਰ ਨੂੰ ਸਿੱਖ ਹਲਕਿਆਂ ਵਿੱਚ ਜਿੱਥੇ ਸਵਾਗਤਯੋਗ ਮੰਨਿਆ ਜਾ ਰਿਹਾ ਹੈ ਉੱਥੇ ਹਾਲ ਹੀ ਦੌਰਾਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਡਰੋਨ ਦੇ ਬਹਾਨੇ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨੂੰ ਡੂੰਘੀ ਚਿੰਤਾ ਦਾ ਸੰਕੇਤ ਸਮਝਿਆ ਜਾ ਰਿਹਾ ਹੈ । ਜਿਕਰਯੋਗ ਹੈ ਪੰਜਾਬ ਵਿੱਚ ਕੈਪਟਨ ਅਮਰਇੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ ਪੰਜ ਦਰਜਨ ਤੋਂ ਵੱਧ ਸਿੱਖਾਂ ਨੂੰ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ,ਇੱਥੋਂ ਤੱਕ ਕਿ ਕੇਵਲ ਕਿਤਾਬਾਂ ਰੂਪੀ ਸਾਹਿਤ ਰੱਖਣ ਦੋਸ਼ ਵਿੱਚ ਉਮਰ ਕੈਦਾਂ ਦੀਆਂ ਸਜਾਵਾਂ ਸੁਣਾਈਆਂ ਜਾ ਚੁੱਕੀਆਂ ਹਨ । ਜੋ ਕਿ ਬੇਹੱਦ ਨਿੰਦਣਯੋਗ ਵਰਤਾਰਾ ਹੈ । ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਮੌਕੇ ਸਮੁੱਚੇ ਸਿੱਖਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਕਿਉਂਕਿ ਜੇਲ੍ਹਾਂ ਵਿੱਚ ਬੰਦ ਸਿੰਘ ਆਪਣੇ ਕਿਸੇ ਨਿੱਜੀ ਝਗੜੇ ਕਾਰਨ ਸੰਘਰਸ਼ ਵਿੱਚ ਨਹੀਂ ਕੁੱਦੇ ,ਬਲਕਿ ਸਰਕਾਰ ਵਲੋਂ ਸਿੱਖ ਕੌਮ ਤੇ ਜੁਲਮ ਅਰੰਭ ਕੀਤਾ ਗਿਆ ,ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਅਤੇ ਤੋਪਾਂ ਨਾਲ ਅੱਤ ਵਹਿਸ਼ੀ ਹਮਲਾ ਕੀਤਾ ਗਿਆ ਅਤੇ ਸਿੱਖ ਕੌਮ ਨੇ ਖਾਲਿਸਤਾਨ ਦੇ ਨਿਸ਼ਾਨੇ ਨੂੰ ਮੁੱਖ ਰੱਖਦਿਆਂ ਕੌਮੀ ਅਜਾਦੀ ਦਾ ਸੰਘਰਸ਼ ਆਰੰਭਿਆ ਹੈ ਜੋ ਕਿ ਫਤਿਹ ਤੱਕ ਜਾਰੀ ਰਹਿਣਾ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਭਾਈ ਕੁਲਦੀਪ ਸਿੰਘ ਚਹੇੜੂ , ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਰਕਾਰ ਦੇ ਦੋਹਰੇ ਕਿਰਦਾਰ ਦੀ ਨਿਖੇਧੀ ਕੀਤੀ ਗਈ ।ਮਿਸਾਲ ਵਜੋਂ ਪੰਜਾਬ ਦੀ ਕਾਂਗਰਸੀ ਸਰਕਾਰ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੇਸ ਕੇਂਦਰੀ ਜਾਂਚ ਏਜੰਸੀ (ਐਨ,ਆਈ ,ਏ )ਹਵਾਲੇ ਕਰ ਦਿੱਤੇ ਜਾਂਦੇ ਹਨ ਅਤੇ ਬਾਅਦ ਵਿੱਚ ਪੰਜਾਬ ਤੋਂ ਦੂਰ ਦਿੱਲੀ ਦੀਆਂ ਜੇਲ੍ਹਾਂ ਵਿੱਚ ਬਦਲ ਦਿੱਤਾ ਜਾਂਦਾ ਹੈ ਤਾਂ ਕਿ ਅਜਾਦੀ ਪਸੰਦ ਸਿੱਖਾਂ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਸਕੇ । ਗੌਰ ਤਲਬ ਹੈ ਕਿ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ,ਭਾਈ ਹਰਦੀਪ ਸਿੰਘ ਸ਼ੇਰਾ ਅਤੇ ਭਾਈ ਰਮਨਦੀਪ ਸਿੰਘ ਬੱਗਾ ਸਮੇਤ ਦਸ ਸਿੱਖ ਨੌਜਵਾਨਾਂ ਨੂੰ ਪੰਜਾਬ ਤੋਂ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ ਕਰਨ ਮਗਰੋਂ ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਉਹਨਾਂ ਨੂੰ ਦਿੱਲੀ ਤੋਂ ਬਾਹਰ ਲਿਜਾਣ ਤੇ ਰੋਕ ਲਗਾ ਦਿੱਤੀ ਗਈ ਹੈ । ਪਰ ਦੂਜੇ ਪਾਸੇ ਹਿੰਦੂ ਬਹੁਗਿਣਤੀ ਨਾਲ ਸਬੰਧਤ ਲੋਕਾਂ ਦੀ ਹਰ ਤਰਾਂ ਨਾਲ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ । ਸਾਧਵੀ ਪ੍ਰਗਿੱਆ ਠਾਕੁਰ ਸਮੇਤ ਅਨੇਕਾਂ ਹਿੰਦੂਤਵੀ ਅੱਤਵਾਦੀ ਸਬੂਤ ਹੋਣ ਦੇ ਬਾਵਜੂਦ ਰਿਹਾਅ ਕੀਤੇ ਜਾ ਚੁੱਕੇ ਹਨ । ਇਸੇ ਤਰਾਂ ਪੰਜਾਬ ਵਿੱਚ ਸਰਕਾਰੀ ਵਰਦੀਧਾਰੀਆਂ ਨੂੰ ਸਿੱਖਾਂ ਨੂੰ ਸ਼ਹੀਦ ਕਰਨ ਦੇ ਮਾਮਲੇ ਵਿੱਚ ਦਿੱਤੀਆਂ ਗਈਆਂ ਉਮਰ ਕੈਦ ਦੀਆਂ ਸਜਾਵਾਂ ਪੰਜ ਸੱਤ ਸਾਲ ਵਿੱਚ ਹੀ ਪੂਰੀਆਂ ਕਰਕੇ ਰਿਹਾਅ ਕੀਤਾ ਜਾ ਰਿਹਾ ਹੈ । ਪਰ ਸਿੱਖਾਂ ਦੀਆਂ ਉਮਰ ਕੈਦਾਂ ਮੁੱਕਣ ਵਿੱਚ ਹੀ ਨਹੀਂ ਆ ਰਹੀਆਂ ।