You are here

ਡਾ.ਸੁਰਜੀਤ ਪਾਤਰ ਤੇ ਸ਼ਮਸ਼ੇਰ ਸਿੰਘ ਸੰਧੂ ਨੂੰ ਪੰਜਾਬ ਕਲਚਰਲ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ

ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )-

ਪੰਜਾਬ ਕਲਚਰਲ ਸੋਸਾਇਟੀ (ਰਜਿ:) ਇੰਟਰਨੈਸ਼ਨਲ ਵੱਲੋਂ 5 ਅਕਤੂਬਰ ਸ਼ਾਮੀਂ 6 ਵਜੇ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਸ਼ਾਹ ਹੁਸੈਨ ਪੁਰਸਕਾਰ ਨਾਲ ਡਾ: ਸੁਰਜੀਤ ਪਾਤਰ ਨੂੰ ਅਤੇ ਸੱਯਦ ਵਾਰਿਸ ਸ਼ਾਹ ਪੁਰਸਕਾਰ ਨਾਲ ਗੀਤਕਾਰ, ਲੇਖਕ ਤੇ ਪੱਤਰਕਾਰ ਸ਼ਮਸ਼ੇਰ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਐਲਾਨ ਕਰਦਿਆਂ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ, ਲੱਕੀ ਗਰੇਵਾਲ ਤੇ ਅਹੁਦੇਦਾਰਾਂ ਨੇ ਸਰਪ੍ਰਸਤ ਪ੍ਰੋ: ਗੁਰਭਜਨ ਗਿੱਲ ਦੀ ਹਾਜ਼ਰੀ 'ਚ ਦੱਸਿਆ ਕਿ ਡਾ: ਸੁਰਜੀਤ ਪਾਤਰ ਤੇ ਸ਼ਮਸ਼ੇਰ ਸਿੰਘ ਸੰਧੂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਇਹ ਪੁਰਸਕਾਰ ਦਿੱਤੇ ਜਾ ਰਹੇ ਹਨ। ਇਹ ਸ਼ਾਮ ਸੂਫ਼ੀ ਤੇ ਸਾਹਿੱਤਕ ਗੀਤਾਂ ਨੂੰ ਸਮਰਪਿਤ ਕੀਤੀ ਗਈ ਹੈ। ਸਿਰਕੱਢ ਗਾਇਕ ਸਤਿੰਦਰ ਸਰਤਾਜ ਇਸ ਸ਼ਾਮ ਨੂੰ ਸਰੋਦੀ ਬੋਲਾਂ ਨਾਲ ਸਨਮਾਨ ਕਰਨਗੇ। ਰਵਿੰਦਰ ਰੰਗੂਵਾਲ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਅੰਦਰ ਚੰਗੇ ਸੰਗੀਤ ਦੇ ਸੰਚਾਰ ਲਈ ਇਹ ਸ਼ਾਮ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਰੱਖੀ ਗਈ ਹੈ। ਮੈਂਬਰਾਂ ਤੋਂ ਇਲਾਵਾ ਔਨਲਾਈਨ ਬੁਕਿੰਗ ਵਾਲੇ ਸਰੋਤਿਆਂ ਤੇ ਵਿਸ਼ੇਸ਼ ਤੌਰ ਤੇ ਬੁਲਾਏ ਗਏ ਮਹਿਮਾਨ ਹੀ ਹਾਲ ਦੇ ਅੰਦਰ ਪ੍ਰੋਗ੍ਰਾਮ ਸੁਣ ਸਕਣਗੇ। ਡਾ. ਸੁਰਜੀਤ ਪਾਤਰ ਅਤੇ ਸ਼ਮਸ਼ੇਰ ਸਿੰਘ ਸੰਧੂ ਦੀਆਂ ਪ੍ਰਾਪਤੀਆਂ ਦਾ ਵੇਰਵਾ ਦੱਸਦਿਆਂ ਰੰਗੂਵਾਲ ਨੇ ਕਿਹਾ ਕਿ ਇਹ ਦੋਵੇਂ ਲੇਖਕ ਅਜਿਹੇ ਹਨ ਜਿੰਨ੍ਹਾਂ ਦੀਆਂ ਲਿਖਤਾਂ ਨੇ ਪਿਛਲੇ 45 ਸਾਲ ਲਗਾਤਾਰ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਕਦਰਾਂ ਕੀਮਤਾਂ ਦੀ ਸੇਧ ਬਖਸ਼ੀ ਹੈ। ਇਨ੍ਹਾਂ ਦੋਹਾਂ ਲੇਖਕਾਂ ਦਾ ਪ੍ਰਾਪਤੀ ਵੇਰਵਾ ਇਸ ਪ੍ਰਕਾਰ ਹੈ। ਹਵਾ 'ਚ ਲਿਖੇ ਹਰਫ਼ ਗਜ਼ਲ ਸੰਗ੍ਰਹਿ ਤੋਂ ਸੁਰੂ ਕਰਕੇ ਅੱਜ ਤੀਕ ਨਿਰੰਤਰ ਕਰਮਸ਼ੀਲ ਡਾ. ਸੁਰਜੀਤ ਪਾਤਰ ਨੇ ਮੌਲਿਕ ਕਾਵਿ ਸਿਰਜਣਾ, ਵਾਰਤਕ, ਖੋਜ ਤੇ ਅਨੁਵਾਦ ਦੇ ਕੇਤਰ ਵਿੱਚ ਨਿਵੇਕਲੀਆਂ ਪੈੜਾਂ ਪਾਈਆਂ ਹਨ। ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਦੇ ਜੰਮਪਲ ਡਾ. ਸੁਰਜੀਤ ਪਾਤਰ ਨੇ ਉਚੇਰੀ ਸਿੱਖਿਆ ਰਣਧੀਰ ਕਾਲਿਜ ਕਪੂਰਥਲਾ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ। ਡਾਕਟਰੇਟ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਾਸੋਂ ਗ੍ਰਹਿਣ ਕੀਤੀ। ਕੁਝ ਸਮਾਂ ਬਾਬਾ ਬੁੱਢਾ ਜੀ ਕਾਲਿਜ ਬੀੜ ਸਾਹਿਬ (ਅੰਮ੍ਰਿਤਸਰ) ਵਿਖੇ ਪੜ੍ਹਾਉਣ ਉਪਰੰਤ ਆਪ ਪੰਜਾਬ ਖੇਤੀ ਯੂਨੀਵਰਸਿਟੀ ਵਿਖੇ ਪ੍ਰੋ: ਮੋਹਨ ਸਿੰਘ ਜੀ ਦੀ ਪ੍ਰੇਰਨਾ ਸਦਕਾ ਭਾਸ਼ਾਵਾਂ, ਪੱਤਰਕਾਰੀ ਤੇ ਸਭਿਆਚਾਰ ਵਿਭਾਗ 'ਚ ਪੜ੍ਹਾਉਣ ਲੱਗ ਪਏ। ਇਥੋਂ ਹੀ 2005 ਚ ਸੇਵਾ ਮੁਕਤ ਹੋਏ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਛੇ ਸਾਲ ਪ੍ਰਧਾਨ ਰਹਿਣ ਉਪਰੰਤ ਇਸ ਵੇਲੇ ਆਪ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਲੁਧਿਆਣਾ ਦੀ ਅਦਬੀ ਫਿਜ਼ਾ ਵਿੱਚ ਰੌਸ਼ਨ ਮੀਨਾਰ ਵਾਂਗ ਸੁਸ਼ੋਭਿਤ ਡਾ: ਸੁਰਜੀਤ ਪਾਤਰ ਜੀ ਤੋਂ ਸਮੁੱਚਾ ਵਿਸ਼ਵ ਪੰਜਾਬੀ ਜਗਤ ਪ੍ਰੇਰਨਾ ਤੇ ਉਤਸ਼ਾਹ ਲੈ ਰਿਹਾ ਹੈ। ਸ਼ਮਸ਼ੇਰ ਸਿੰਘ ਸੰਧੂ ਜੀ ਨੇ ਮੁੱਢਲੀ ਸਿੱਖਿਆ ਆਪਣੇ ਜੱਦੀ ਪਿੰਡ ਮਦਾਰਪੁਰਾ (ਲੁਧਿਆਣਾ) ਤੋਂ ਗ੍ਰਹਿਣ ਕਰਕੇ ਲੁਧਿਆਣਾ ਦੇ ਜੀ.ਜੀ.ਐੱਨ.ਖਾਲਸਾ ਕਾਲਿਜ, ਸਿਵਿਲ ਲਾਈਨਜ਼ ਵਿੱਚ ਉਚੇਰੀ ਸਿੱਖਿਆ ਲਈ ਦਾਖਲਾ ਲੈ ਲਿਆ। ਇਥੇ ਪੜ੍ਹਦਿਆਂ ਹੀ ਸਾਹਿਤਕ ਚੇਟਕ ਸਿਖਰਾਂ ਤੇ ਪੁੱਜੀ। ਡਾ. ਐੱਸ.ਪੀ ਸਿੰਘ ਵਰਗੇ ਅਧਿਆਪਕਾਂ ਦੀ ਪ੍ਰੇਰਨਾ ਤੇ ਅਦਬੀ ਮਾਹੌਲ ਨੇ ਉਨ੍ਹਾਂ ਨੂੰ ਇਸ ਮਾਰਗ ਦਾ ਪਾਂਧੀ ਬਣਾਇਆ । ਆਪਣੇ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ.ਏ. ਕੀਤੀ। 1974 ਚ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਪਹਿਲਾ ਕਹਾਣੀ ਸੰਗ੍ਰਹਿ "ਕੋਈ ਦਿਉ ਜਵਾਬ" ਦ੍ਰਿਸਟੀ ਪ੍ਰਕਾਸ਼ਨ ਜਲੰਧਰ ਵੱਲੋਂ ਸ: ਬਰਜਿੰਦਰ ਸਿੰਘ ਹਮਦਰਦ ਜੀ ਨੇ ਪ੍ਰਕਾਸ਼ਤ ਕੀਤਾ। ਭਾਰਤੀ ਤੇ ਪਾਕਿਸਤਾਨੀ ਪੰਜਾਬੀ ਗਾਇਕਾਂ ਆਪ ਨੇ "ਲੋਕ-ਸੁਰਾਂ" ਤੇ ਸੁਰ ਦਰਿਆਉਂ ਪਾਰ ਦੇ ਪੁਸਤਕਾਂ ਲਿਖ ਕੁ ਪਹਿਲ ਕਦਮੀ ਕੀਤੀ। ਗੀਤਕਾਰੀ ਦੇ ਖੇਤਰ ਵਿਚ ਲਗਪਗ 80 ਗਾਇਕਾਂ ਨੇ ਸ਼ਮਸ਼ੇਰ ਸਿੰਘ ਸੰਧੂ ਦੇ ਲਗਪਗ 600ਗੀਤ ਗਾਏ ਹਨ ਪਰ ਪਰਮੁੱਖਤਾ ਸੁਰਜੀਤ ਬਿੰਦਰਖੀਆ ਦੇ ਗਾਏ 150 ਗੀਤਾਂ ਕਾਰਨ ਹੀ ਮਿਲੀ। ਪਾਸ਼ ਬਾਰੇ ਲਿਖੀ ਵਾਰਤਕ ਪੁਸਤਕ "ਇੱਕ ਪਾਸ਼ ਇਹ ਵੀ" ਮੀਲ ਪੱਥਰ ਹੈ। ਸ਼ਮਸ਼ੇਰ ਸਿੰਘ ਸੰਧੂ ਜੀ ਨੇ ਕੁਝ ਸਮਾਂ ਸਿੱਖ ਨੈਸ਼ਨਲ ਕਾਲਿਜ ਬੰਗਾ (ਜਲੰਧਰ ) 'ਚ ਪੜ੍ਹਾਉਣ ਉਪਰੰਤ ਪੰਜਾਬੀ ਟ੍ਰਿਬਿਊਨ ਵਿਚ ਸੇਵਾ ਆਰੰਭੀ। ਇੱਥੋਂ ਹੀ ਸਵੈ ਇੱਛੁਕ ਸੇਵਾ ਲੈ ਕੇ ਚੰਡੀਗੜ੍ਹ ਰਹਿ ਕੇ ਨਿਰੰਤਰ ਸਾਹਿੱਤ ਸਿਰਜਣ ਕਰ ਰਹੇ ਹਨ।