You are here

ਜ਼ਿਲਾ ਮੈਜਿਸਟ੍ਰੇਟ ਵੱਲੋਂ ਰਾਤ ਸਮੇਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ 'ਤੇ ਪਾਬੰਦੀ

ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਚਲਾਈਆਂ ਜਾ ਸਕਣਗੀਆਂ ਕੰਬਾਇਨਾਂ
ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )-

ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਲੁਧਿਆਣਾ ਨੇ ਜ਼ਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਤਹਿਤ ਜ਼ਿਲਾ ਲੁਧਿਆਣਾ ਅੰਦਰ ਸ਼ਾਮ 7.00 ਵਜੇ ਤੋਂ ਸਵੇਰੇ 8.00 ਵਜੇ ਤੱਕ ਝੋਨੇ ਦੀ ਫਸਲ ਕੱਟਣ ਲਈ ਕੰਬਾਇਨਾਂ ਚਲਾਉਣ 'ਤੇ ਮੁਕੰਮਲ ਪਾਬੰਦੀ ਲਗਾਈ ਹੈ। ਜਦਕਿ ਸਵੇਰ 8.00 ਵਜੇ ਤੋਂ ਸ਼ਾਮ 7.00 ਵਜੇ ਤੱਕ ਕਟਾਈ ਲਈ ਕੰਬਾਈਨ ਚਲਾਈ ਜਾ ਸਕਦੀ ਹੈ। ਅਗਰਵਾਲ ਨੇ ਦੱਸਿਆ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਆਮ ਤੌਰ 'ਤੇ ਇਹਨਾਂ ਦਿਨਾਂ ਵਿੱਚ ਝੋਨਾ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਇਨਾਂ ਰਾਤ ਵੇਲੇ ਤਰੇਲ ਕਾਰਨ ਗਿੱਲੇ ਝੋਨੇ ਨੂੰ ਕੱਟ ਦਿੰਦੀਆਂ ਹਨ। ਝੋਨੇ ਵਿੱਚ ਨਮੀ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਤੋਂ ਉਪਰ ਹੁੰਦੀ ਹੈ ਅਤੇ ਖਰੀਦ ਏਜੰਸੀਆਂ ਉਸ ਝੋਨੇ ਨੂੰ ਖ੍ਰੀਦਣ ਤੋਂ ਅਸਮਰੱਥ ਹੁੰਦੀਆਂ ਹਨ। ਝੋਨਾ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ। ਇਸ ਨਾਲ ਮੰਡੀਆਂ ਵਿੱਚ ਤਣਾਅ ਪੈਦਾ ਹੁੰਦਾ ਹੈ ਅਤੇ ਕਈ ਵਾਰ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਜਾਣ ਦਾ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ। ਇਹ ਪਾਬੰਦੀ ਹੁਕਮ 2 ਦਸੰਬਰ, 2019 ਤੱਕ ਲਾਗੂ ਰਹੇਗਾ।