ਜਦੋਂ ਮੈਂ ਡੱਬਵਾਲੀ ਤੋਂ ਬਠਿੰਡਾ ਸਿਫਟ ਹੋਇਆ ਤਾਂ ਮੈਨੂੰ ਕੁਝ ਪ੍ਰਬਲਮਸ ਆਈਆਂ। ਉਹਨਾਂ ਵਿਚੋਂ ਇੱਥੇ #ਵਧੀਆ ਜਲੇਬੀਆਂ ਨਾ ਮਿਲਣ ਦੀ ਵੀ ਸਮੱਸਿਆ ਸੀ। ਮੈਂ ਜਦੋਂ ਵੀ ਡੱਬਵਾਲੀ ਜਾਂਦਾ ਫੌਜੀਆਂ ਵਾੰਗੂ ਆਪਣਾ ਕੋਟਾ ਓਥੋਂ ਹੀ ਲ਼ੈ ਆਉਂਦਾ ਸ਼ਾਂ ਕਿਉਂਕਿ ਉਥੇ ਫਾਟਕ ਨੇੜੇ ਖੜ੍ਹਨ ਵਾਲੇ ਲੱਡੂ ਨਾਲ ਮੇਰੀ ਲਿਹਾਜ਼ ਸੀ। ਮੇਰੀ ਫਿਰ ਮੇਰੀ ਮੁਲਾਕਾਤ ਹਾਜੀ ਰਤਨ ਚੌਂਕ ਤੇ ਜਲੇਬੀਆਂ ਦੀ ਰੇਹੜੀ ਲਾਉਣ ਵਾਲੇ ਪੰਡਿਤ ਦੇਸ ਰਾਜ ਸ਼ਰਮਾ ਨਾਲ ਹੋਈ। ਉਹ 1976 ਤੋਂ ਇਹ ਕੰਮ ਕਰ ਰਿਹਾ ਹੈ। ਤਿੰਨ ਸਾਲ ਉਸਨੇ ਆਪਣੇ ਭਾਈ ਨਾਲ ਬਠਿੰਡਾ ਦੇ ਜਲੇਬੀ ਚੌਂਕ ਵਿੱਚ ਸਾਂਝਾ ਕੰਮ ਕੀਤਾ ਫਿਰ ਉਹ ਹਾਜੀ ਰਤਨ ਚੌਂਕ ਵਿੱਚ ਆ ਗਿਆ। 72 ਸਾਲਾਂ ਦਾ ਦੇਸ ਰਾਜ ਪੰਜਾਹ ਸਾਲ ਤੋਂ ਜਲੇਬੀਆਂ ਹੀ ਬਣਾ ਰਿਹਾ ਹੈ। ਦੇਸ ਰਾਜ ਹਮੇਸ਼ਾ ਚਿੱਟੇ ਕੱਪੜੇ ਹੀ ਪਾਉਂਦਾ ਹੈ। ਇਹ ਉਸਦਾ ਸ਼ੋਂਕ ਹੈ। ਨਹੀਂ ਤਾਂ ਮਿਸਤਰੀਆਂ ਅਤੇ ਹਲਵਾਈਆਂ ਦੀ ਕਿਸਮਤ ਵਿੱਚ ਚਿੱਟੇ ਕੱਪੜੇ ਕਿੱਥੇ? ਸਵੇਰੇ ਗਿਆਰਾਂ ਵਜੇ ਤੋਂ ਰਾਤੀ ਨੌ ਵਜੇ ਤੱਕ ਉਹ ਲੱਕੜਾਂ ਵਾਲੀ ਭੱਠੀ ਤੇ ਕੰਮ ਕਰਦਾ ਹੈ। ਗਰਮੀਆਂ ਵਿੱਚ ਭੱਠੀ ਮੂਹਰੇ ਬੈਠਣਾ ਸੁਖਾਲਾ ਨਹੀਂ ਹੁੰਦਾ। ਫੱਟੀ ਤੇਂ ਪੈਰਾਂ ਭਾਰ ਬਹਿਕੇ ਸਾਰਾ ਦਿਨ ਜਲੇਬੀਆਂ ਬਣਾਉਣੀਆਂ, ਖੁਦ ਵੇਚਣੀਆਂ ਪੈਸੇ ਕੱਟਣੇ ਉਸ ਦਾ ਰੂਟੀਨ ਹੈ। ਉਸਦੇ ਅੱਡੇ ਤੇ ਸਰਦੀਆਂ ਵਿੱਚ ਕੋਈਂ ਪੱਚੀ ਤੋਂ ਤੀਹ ਕਿਲੋਂ ਜਲੇਬੀਆਂ ਦੀ ਲਾਗਤ ਹੈ। ਗਰਮੀਆਂ ਵਿੱਚ ਕੰਮ ਘਟ ਜਾਂਦਾ ਹੈ ਤੇ ਸੂਈ ਪੰਦਰਾਂ ਕਿਲੋ ਤੇ ਆ ਜਾਂਦੀ ਹੈ। ਜਲੇਬੀ ਬਣਾਉਣ ਲਈ ਮੈਦੇ ਤੋਂ ਮਿਸ਼ਰਨ ਤਿਆਰ ਕਰਨਾ ਹੁੰਦਾ ਹੈ ਇਸ ਨੂੰ ਮਦਾਨੀ ਕਹਿੰਦੇ ਹਨ। ਜੇ ਮਦਾਨੀ ਸਹੀ ਹੋਵੇ ਤਾਂ ਜਲੇਬੀ ਸੁਆਦ ਬਣਦੀ ਹੈ। ਦੇਸ ਰਾਜ ਦਾ ਪਰਿਵਾਰ ਪਿੱਛੋਂ ਜਵਾਲਾ ਜੀ ਹਿਮਾਚਲ ਪ੍ਰਦੇਸ਼ ਤੋਂ ਹੈ। ਇਹ ਖਾਨਦਾਨੀ ਹਲਵਾਈ ਹਨ। ਸ੍ਰੀ ਦੇਸ ਰਾਜ ਨੇ ਆਪਣੀਆਂ ਦੋਨੋ ਬੇਟੀਆਂ ਦੀ ਸ਼ਾਦੀ ਕਰ ਦਿੱਤੀ ਹੈ ਤੇ ਹੁਣ ਉਹ ਘਰ ਵਿੱਚ ਮੀਆਂ ਬੀਵੀ ਇਕੱਲੇ ਹੁੰਦੇ ਹਨ।
ਸ੍ਰੀ ਦੇਸ ਰਾਜ ਸ਼ਰਮਾ ਦੇ ਬਹੁਤੇ ਗ੍ਰਾਹਕ ਪੱਕੇ ਹੀ ਹਨ। ਤਿਉਹਾਰਾਂ ਵੇਲੇ ਉਹ ਇੱਕ ਅੱਡਾ ਹੋਰ ਵੀ ਲਾਉਂਦਾ ਹੈ। ਅੱਜ ਕੱਲ੍ਹ ਉਸ ਦਾ ਰੱਖਿਆ ਮੁਲਾਜਿਮ ਛੁੱਟੀ ਤੇ ਆਪਣੇ ਵਤਨ ਬਿਹਾਰ ਗਿਆ ਹੋਇਆ ਹੈ। ਇਸ ਲਈ ਢਿੱਲਾ ਮੱਸਾ ਹੋਣ ਤੇ ਉਸਨੂੰ ਕੰਮ ਤੋਂ ਛੁੱਟੀ ਕਰਨੀ ਪੈਂਦੀ ਹੈ।
ਦੇਸ ਰਾਜ ਰੂਟੀਨ ਵਿਚ ਵਧੀਆ ਜਲੇਬੀਆਂ ਬਣਾਉਂਦਾ ਹੈ ਉਸਨੂੰ "ਵਧੀਆ ਬਣਾਈਂ" ਆਖਣ ਦੀ ਲੋੜ ਨਹੀਂ ਪੈਂਦੀ।
ਰਮੇਸ਼ ਸੇਠੀ ਬਾਦਲ