ਦੁੱਧ ਚੁੰਘਦੇ ਬੱਚਿਆਂ ਤੋਂ, ਮਾਂਵਾਂ ਦੂਰ ਨਾ ਕਰੀਂ।
ਉਨਾਂ ਬਾਲਾਂ ਦੀ ਵੇਦਨਾ ਦਾਤਾ ਨੇੜੇ ਹੋ ਕੇ ਸੁਣੀ।...।।
ਰੁਲ ਜਾਂਦੇ ਮਾਂ ਬਾਹਰੇ ਕੋਈ ਨੇੜੇ ਲਾਉਂਦਾ ਨੀ।
ਮੋਹ - ਪਿਆਰ ਦੀ ਕੋਈ ਨਜ਼ਰ ਪਾਉਂਦਾ ਨੀ।
ਸਬਰ ਸੰਤੋਖ ਵਾਲਾ ਹੱਥ ਸਦਾ ਸਿਰ 'ਤੇ ਧਰੀ।
ਦੁੱਧ ਚੁੰਘਦੇ ਬੱਚਿਆਂ ਤੋਂ ਮਾਂਵਾਂ ਦੂਰ ਨਾ ਕਰੀਂ।...।।
ਅਪਣੇ ਵੀ ਸ਼ਰੀਕ ਬਣ ਦੂਰ ਜਾ ਨੇ ਖਲੋਵਦੇ।
ਬਿਪਤਾ ਪਈ 'ਤੇ ਕੋਈ ਨੇੜੇ ਨਾ ਆ ਵਹੁੜਦੇ।
ਬਿਪਤਾ ਮਾਰਿਆਂ ਦੇ ਸਿਰ 'ਤੇ ਆ ਹੱਥ ਤੂੰ ਧਰੀ।
ਦੁੱਧ ਚੁੰਘਦੇ ਬੱਚਿਆਂ ਤੋਂ ਮਾਵਾਂ ਦੂਰ ਨਾ ਕਰੀਂ।...।।
ਜੀਵਨ ਦੀ ਸੋਝੀ-ਬੁੱਧੀ ਕੋਰੀ ਰਹਿ ਜਾਂਦੀ ਐ।
ਨਿੱਕੀਆਂ ਦੇਹਾਂ 'ਤੇ ਕੇਹੀ ਬਿਪਤਾ ਆ ਪੈਂਦੇ ਐ।
ਵਿਲਕਦੇ ਨਿਆਣਿਆਂ ਦੀ ਦਾਤਾ ਬਾਂਹ ਆ ਫੜੀ।
ਹਾਲੋਂ ਬੇਹਾਲ ਹੋਈ ਜ਼ਿੰਦਗੀ 'ਤੇ ਨਜ਼ਰ ਤੂੰ ਕਰੀਂ।...।।
'ਆਜ਼ਾਦ' ਕਰੇ ਜ਼ੋਦੜੀ, ਐਸੀ ਮਾਰ ਨਾ ਪਵੇ।
ਹਰ ਕੋਈ ਜੱਗ ਵਿਚ ਖੁਸ਼ੀਆਂ ਦੇ ਨਾਲ ਰਹੇ।
ਮੇਰੇ ਮੌਲਾ ਮੇਹਰ ਦੀ ਸਵੱਲੀ ਨਜ਼ਰ ਤੂੰ ਕਰੀਂ।
ਦੁੱਧ ਚੁੰਘਦੇ ਬਾਲਾਂ ਨੂੰ ਮਾਵਾਂ ਤੋਂ ਦੂਰ ਨਾ ਕਰੀਂ।
ਰਣਜੀਤ ਆਜ਼ਾਦ ਕਾਂਝਲਾ