ਕਿੱਥੇ ਨੇ ਓਹ ਮਾਂਪੇ ਜਿਹੜੇ ਲਾਡ ਲੁੜਾਉਂਦੇ ਸੀ।
ਬਣ ਖੁਦ ਘੋੜਾ ਪਿੱਠ 'ਤੇ ਬਿਠਾ ਜੋ ਖਿਡਾਉਂਦੇ ਸੀ।...।।
ਲੋਰੀਆਂ ਦੇ ਦੇ ਪਾਲਦੀ ਵੀ ਮਾਂ ਪਰਾਈ ਹੋ ਗਈ।
ਵੀਰਾਂ ਦੀਆਂ ਜੋੜੀਆਂ ' ਚੋਂ ਭੈਣ ਵੀ ਹੈ ਖੋ ਗਈ।
ਜਨੌਰਾਂ ਦੇ ਵਾਂਗੂੰ ਮੂੰਹ ਵਿਚ ਲਿਆ ਚੋਗਾ ਪਾਉਂਦੇ ਸੀ।....,।।
ਆਪੋ ਅਪਣੀ ਵਾਰੀ ਤੇ ਤਾਏ ਚਾਚੇ ਵੀ ਤੁਰ ਗਏ।
ਸਰੀਕਾਂ ਵਾਲੇ ਗਹਿਰੇ ਬੋਲ ਕੰਨਾਂ ਵਿਚ ਪੁੜ ਗਏ।
ਮਿੱਠੇ ਮਿੱਠੇ ਬੋਲ ਪਿਆਰੇ ਜੋ ਭੈਣਾਂ ਨੂੰ ਸੁਣਾਉਂਦੇ ਸੀ।....।।
ਆਂਢ ਗੁਆਂਢੋ ਵੀ ਸੱਜਣ ਪਿਆਰੇ ਤੁਰ ਗਏ।
ਦੁੱਖ ਸੁੱਖ ਦੇ ਸਾਂਝੀ ਪਤਾ ਨੀਂ ਕਦੋਂ ਦੇ ਭੁਰ ਗਏ ?
ਆਉਂਦੀਆਂ ਗੱਲਾਂ ਚੇਤੇ ਜੋ ਕੋਠੇ ਬਹਿ ਸੁਣਾਉਂਦੇ ਸੀ।...।।
ਬਾਠਾਂ ਦਾ ਬਿੱਲੂ ਵੀ ਵਿਚਾਲੇ ਝਕਾਨੀ ਦੇ ਗਿਆ।
ਮਾਂਪਿਆਂ ਦਾ ਪਿਆਰਾ ਪੁੱਤ ਪਲਾਂ 'ਚ ਔਹ ਗਿਆ।
ਬੁੱਢੇ ਮਾਂਪਿਆਂ ਨੂੰ ਜਿਉਣਾ ਜੋਗਾ ਜੋ ਬਣਾਉਂਦੇ ਸੀ।...।।
ਅਕਾਲੀਆਂ ਦਾ ਸੋਹਣਾ ਸਹੁਰੇ ਜਾ ਬਹਿ ਗਿਆ।
ਟੱਬਰ ਨਹੀਂ ਪਾਲ ਹੁੰਦਾ ਜਾਂਦਾ ਏਹ ਕਹਿ ਗਿਆ।
ਮੱਖਣਾਂ ਨਾਲ ਪਾਲੇ ਪੁੱਤਾਂ ਨੂੰ ਮਾਪੇ ਲਾਡ ਲਿਡਾਉਂਦੇ ਸੀ।....।।
ਵਾਰੀ ਆਪੋ ਅਪਣੀ ਤੇ ਸਭਨਾਂ ਸਹੁਰੇ ਵੰਝਣਾਂ।
ਅਉਧ ਹੰਢਾ ਕੇ ਯੱਗ ਤੋਂ ਦੂਰ ਜਾ ਹੈ ਬੈਠਣਾਂ।
ਕਰ ਜਾਣਾ ਖਾਲੀ ਵਿਹੜਾ ਜਿੱਥੇ ਭੰਗੜੇ ਪਾਉਂਦੇ ਸੀ।...।।
ਆਜ਼ਾਦ ਏਥੇ ਬੈਠ ਕਿਸੇ ਨਾ ਰਹਿਣਾ ਸੱਜਣੋ।
ਖਰੀਆਂ ਗੱਲਾਂ ਕੰਨਾ 'ਚ ਪਾ ਕਹਿਣਾ ਸੱਜਣੋ।
ਉਹ ਵੀ ਗਏ ਟੁਰ ਜੋ ਉਂਗਲਾਂ 'ਤੇ ਨਚਾਉਂਦੇ ਸੀ।...।।
ਕਿੱਥੇ ਗਏ ਨੇ ਮਾਂਪੇ ਜਿਹੜੇ ਲਾਡ ਲਿਡਾਉਂਦੇ ਸੀ ?....??
* ਰਣਜੀਤ ਆਜ਼ਾਦ ਕਾਂਝਲਾ *