ਜੋਧਾਂ / ਸਰਾਭਾ 8 ਜੂਨ ( ਦਲਜੀਤ ਸਿੰਘ ਰੰਧਾਵਾ ) ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ ਰਜਿ: ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੇ ਫੈਸਲੇ ਦੀ ਰੋਸ਼ਨੀ ਵਿੱਚ ਜ਼ਿਲ੍ਹਾ ਪ੍ਰਧਾਨ ਸ. ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹਫਤਾਵਾਰੀ ਵੱਡੀ ਮੀਟਿੰਗ ਚੌਂਕੀਮਾਨ ਟੋਲ ਮੋਰਚੇ ਦੇ ਲੰਗਰ ਸਥਾਨ ਵਿਖੇ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਪਿੰਡ ਇਕਾਈਆਂ ਦੇ ਕਿਸਾਨ ਤੇ ਮਜ਼ਦੂਰ ਵੀਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਗੁਰਦੇਵ ਸਿੰਘ ਮੁੱਲਾਂਪੁਰ, ਜਰਨੈਲ ਸਿੰਘ ਮੁੱਲਾਂਪੁਰ, ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ ਨੇ ਸੰਬੋਧਨ ਕਰਦੇ ਹੋਏ ਵਰਨਣ ਕੀਤਾ ਕਿ ਦੇਸ ਅੰਦਰ ਬਦਲੀਆਂ ਹੋਈਆਂ ਰਾਜਸੀ ਪਰਸਥਿਤੀਆਂ ਅੰਦਰ ਦਿੱਲੀ ਮੋਰਚਾ -2 ਵਾਲੇ 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਨਵੇਂ ਪ੍ਰੋਗਰਾਮ ਮੁਤਾਬਕ; 2 ਜੂਨ ਤੋਂ ਸ਼ੰਭੂ ਬਾਰਡਰ ਸਮੇਤ ਚਾਰੇ ਬਾਰਡਰਾਂ( ਸ਼ੰਭੂ, ਖਨੌਰੀ, ਡੱਬਵਾਲੀ ਤੇ ਰਤਨਪੁਰਾ) ਉਪਰ ਆਏ ਦਿਨ ਕਿਸਾਨ- ਮਜ਼ਦੂਰ ਨੌਜਵਾਨ ਵੀਰਾਂ ਤੇ ਬੀਬੀਆਂ ਦੇ ਠਾਠਾਂ ਮਾਰਦੇ ਇਕੱਠ ਹੋਰ ਵਿਸ਼ਾਲ ਤੋਂ ਵਿਸ਼ਾਲ ਹੁੰਦੇ ਜਾ ਰਹੇ ਹਨ। ਸਿੱਟੇ ਵਜੋਂ ਕੇਂਦਰ 'ਚ ਬਣਨ ਵਾਲੀ ਨਵੀਂ ਹਕੂਮਤ ਨੂੰ ਹਰ ਹਾਲਤ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਤੇ ਦੇਸ਼ ਭਰ ਦੇ ਕਿਸਾਨਾਂ ਦੇ 13 ਲੱਖ ਕਰੋੜ ਰੁ: ਦਾ ਖਾਤਮਾ ਕਰਨ ਸਮੇਤ ਸਮੁੱਚੇ 12 ਨਕਾਤੀ ਮੰਗ ਪੱਤਰ ਨੂੰ ਪ੍ਰਵਾਨ ਕਰਕੇ, ਬਣਦੇ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਨੇ ਪੈਣਗੇ ਤੇ ਦਿੱਲੀ ਮੋਰਚਾ -2 ਲਾਜ਼ਮੀ ਤੌਰ 'ਤੇ ਜਿੱਤ ਦੀ ਸ਼ਾਨਾਂਮੱਤੀ ਮੰਜ਼ਿਲ 'ਤੇ ਪਹੁੰਚ ਕੇ ਰਹੇਗਾ। ਇਸ ਤੋਂ ਇਲਾਵਾ ਆਗੂਆਂ ਨੇ ਐਲਾਨ ਕੀਤਾ ਕਿ 10 ਜੂਨ ਦਿਨ ਸੋਮਵਾਰ ਨੂੰ ਠੀਕ 8 ਵਜੇ ਹਫਤਾਵਾਰੀ ਕਾਫਲਾ ਚੌਂਕੀਮਾਨ ਟੋਲ ਤੋਂ ਸ਼ੰਭੂ ਬਾਰਡਰ ਨੂੰ ਰਵਾਨਗੀ ਕਰੇਗਾ।
ਅੰਤ 'ਚ ਸਰਬ ਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਅੱਜ ਦੀ ਇਕੱਤਰਤਾ ਨੇ ਕਿਸਾਨਾਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਅੱਤਵਾਦੀ ਗਰਦਾਨਣ ਵਾਲੀ ਅਤੇ ਪੰਜਾਬ 'ਚ ਅੱਤਵਾਦ ਦੇ ਵਧਣ ਵਾਲੀ ਮਨਘੜ, ਝੂਠੀ ਤੇ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਸ਼ਬਦਾਵਲੀ ਵਰਤਣ ਵਾਲੀ ਕੰਗਣਾ ਰਨੌਤ ਉੱਪਰ ਦੇਸ਼ ਧਰੋਹੀ ਅਤੇ ਪੰਜਾਬ ਬਨਾਮ ਦੇਸ਼ ਵਿਚਕਾਰ ਨਫਰਤੀ ਭਾਵਨਾਵਾਂ ਭੜਕਾਉਣ ਵਾਲੀਆਂ ਕਨੂੰਨੀ ਧਰਾਵਾਂ ਅਧੀਨ ਬਣਦਾ ਪੁਲਿਸ ਕੇਸ ਦਰਜ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ। ਦੂਜੇ ਪਾਸੇ ਕਿਸਾਨ ਪੱਖੀ ਤੇ ਪੰਜਾਬ ਪੱਖੀ ਅਣਖ ਤੇ ਗੈਰਤ ਦੀ ਰਾਖੀ ਲਈ ਅੱਗੇ ਆਈ ਸੀ.ਆਈ. ਐਸ. ਐਫ. ਮਹਿਲਾ ਕਰਮਚਾਰੀ ਬੀਬੀ ਕੁਲਵਿੰਦਰ ਕੌਰ ਦੀ ਭਰਪੂਰ ਸ਼ਲਾਘਾ ਕਰਦਿਆਂ ਉਸਦੇ ਸਿਰ ਮੜ੍ਹੇ ਕਥਿਤ ਨਜਾਇਜ਼ ਪੁਲਿਸ ਕੇਸ ਨੂੰ ਫੌਰੀ ਤੌਰ 'ਤੇ ਰੱਦ ਕੀਤਾ ਜਾਵੇ।
ਅੱਜ ਦੀ ਵੱਡੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸਰਵਿੰਦਰ ਸਿੰਘ ਸੁਧਾਰ , ਜਸਵੰਤ ਸਿੰਘ ਮਾਨ, ਜਗਦੇਵ ਸਿੰਘ ਗੁੜੇ, ਹਰਪਾਲ ਸਿੰਘ ਸਵੱਦੀ, ਗੁਰਦੀਪ ਸਿੰਘ ਸਵੱਦੀ, ਅਵਤਾਰ ਸਿੰਘ ਤਾਰ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਗੁਰਚਰਨ ਸਿੰਘ ਤਲਵੰਡੀ, ਗੁਰਬਖਸ਼ ਸਿੰਘ ਤਲਵੰਡੀ, ਗੁਰਸੇਵਕ ਸਿੰਘ ਸੋਨੀ ਸਵੱਦੀ,ਕੁਲਦੀਪ ਸਿੰਘ ਸਵੱਦੀ, ਗੁਰਮੇਲ ਸਿੰਘ ਢੱਟ, ਗੁਰਦੀਪ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ, ਮਨਜੀਤ ਸਿੰਘ ਸਿੱਧਵਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।