You are here

ਪਾਰਲੀਮੈਂਟ ਮੁਅੱਤਲ ਕਰਨ ਲਈ ਮਹਾਰਾਣੀ ਨੂੰ ਝੂਠ ਨਹੀਂ ਬੋਲਿਆ-ਬੌਰਿਸ ਜੌਹਨਸਨ

ਬ੍ਰੈਗਜ਼ਿਟ ਸਬੰਧੀ ਗੰਭੀਰ ਮੁੱਦੇ ਨੂੰ ਲੈ ਕੇ ਸੰਸਦ ਦੀ ਮੁਅੱਤਲੀ ਰੱਦ ਕਰਕੇ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਹੈ-ਲੇਬਰ ਪਾਰਟੀ

ਲੰਡਨ, ਸਤੰਬਰ 2019- (ਗਿਆਨੀ ਰਾਵਿਦਰਪਾਲ ਸਿੰਘ )-

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਉਨ੍ਹਾਂ ਪਾਰਲੀਮੈਂਟ ਨੂੰ 5 ਹਫ਼ਤਿਆਂ ਲਈ ਮੁਅੱਤਲ ਕਰਨ ਲਈ ਮਹਾਰਾਣੀ ਐਲਿਜ਼ਬੈੱਥ ਨੂੰ ਝੂਠ ਨਹੀਂ ਬੋਲਿਆ | ਪ੍ਰਧਾਨ ਮੰਤਰੀ ਬੌਰਿਸ ਨੇ ਅੱਜ ਸਕਾਟਲੈਂਡ ਦੀ ਉੱਚ ਅਦਾਲਤ ਵਲੋਂ ਸੰਸਦ ਮੁਅੱਤਲ ਕਰਨ ਨੂੰ ਗ਼ੈਰਕਾਨੰੂਨੀ ਕਹੇ ਜਾਣ ਤੋਂ ਬਾਅਦ ਆਪਣੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ ਇੰਗਲੈਂਡ ਦੀ ਹਾਈਕੋਰਟ ਸਾਡੇ ਨਾਲ ਸਹਿਮਤ ਹੈ, ਜਦਕਿ ਸੁਪਰੀਮ ਕੋਰਟ ਵਲੋਂ ਅਜੇ ਫ਼ੈਸਲਾ ਸੁਣਾਇਆ ਜਾਣਾ ਹੈ | ਜ਼ਿਕਰਯੋਗ ਹੈ ਕਿ ਬਰਤਾਨੀਆ ਦੀ ਸੰਸਦ ਮੰਗਲਵਾਰ ਸਵੇਰ ਨੂੰ 14 ਅਕਤੂਬਰ ਤੱਕ ਮੁਅੱਤਲ ਕਰ ਦਿੱਤੀ ਗਈ ਸੀ | ਦੂਜੇ ਪਾਸੇ ਸੋਮਵਾਰ ਨੂੰ ਸੰਸਦ ਮੈਂਬਰਾਂ ਵਲੋਂ ਪਾਸ ਕੀਤੇ ਇਕ ਮਤੇ ਤੋਂ ਬਾਅਦ ਸਰਕਾਰ ਵਲੋਂ ਬ੍ਰੈਗਜ਼ਿਟ ਸਬੰਧੀ ਯੈਲੋਹੈਮਰ ਡਾਕੂਮੈਂਟ ਜਾਰੀ ਕੀਤੇ ਗਏ ਜਿਸ 'ਚ ਸਪਸ਼ਟ ਮੰਨਿਆ ਹੋਇਆ ਸੀ ਕਿ 'ਨੋ ਡੀਲ' ਬ੍ਰੈਗਜ਼ਿਟ ਦੇਸ਼ ਦੇ ਹਿੱਤ 'ਚ ਨਹੀਂ ਹੈ | ਇਸ ਨਾਲ ਦਵਾਈਆਂ ਅਤੇ ਖਾਣ-ਪੀਣ ਦੇ ਸਮਾਨ ਦੀ ਸਮੱਸਿਆ ਆਵੇਗੀ ਅਤੇ ਲੋਕਾਂ 'ਚ ਬੇਚੈਨੀ ਪੈਦਾ ਹੋਵੇਗੀ | ਖਾਣ ਪੀਣ ਦਾ ਸਮਾਨ ਮਹਿੰਗਾ ਹੋਵੇਗਾ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਤੇ ਮਾੜਾ ਪ੍ਰਭਾਵ ਪਵੇਗਾ, ਰੋਸ ਅਤੇ ਹੱਕ 'ਚ ਯੂ ਕੇ 'ਚ ਪ੍ਰਦਰਸ਼ਨ ਹੋ ਸਕਦੇ ਹਨ, ਇੰਗਲਿਸ਼ ਚੈਨਲ ਤੇ ਲਾਰੀਆਂ ਨੂੰ ਦੋ ਦਿਨ ਤੋਂ ਵੱਧ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ | ਦਸਤਾਵੇਜ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਨੋ ਡੀਲ ਹੁੰਦੀ ਹੈ ਤਾਂ ਕਈ ਕਾਰੋਬਾਰ ਵੀ ਬੰਦ ਹੋਣਗੇ | ਇਹਨਾਂ ਦਸਤਾਵੇਜ਼ਾਂ ਨੂੰ ਕੱਲ੍ਹ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਸੀ | ਲੇਬਰ ਪਾਰਟੀ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਗੰਭੀਰ ਮੁੱਦੇ ਨੂੰ ਲੈ ਕੇ ਸੰਸਦ ਦੀ ਮੁਅੱਤਲੀ ਰੱਦ ਕਰਕੇ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਹੈ | ਨੋ ਡੀਲ ਸਬੰਧੀ ਜਾਰੀ ਹੋਏ ਇਹਨਾਂ ਦਸਤਾਵੇਜ਼ਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੂੰ ਨਵੇਂ ਵਿਵਾਦਾਂ ਵਿਚ ਫਸਾ ਦਿੱਤਾ ਹੈ |