ਉਹ ਹਿਰਦਾ, ਜਿੱਥੇ ਵਾਹਿਗੁਰੂ ਜੀ ਦੀ ਹੋਂਦ ਦਾ ਪ੍ਰਕਾਸ਼ ਹੋ ਜਾਵੇ ਸਭ ਤੋਂ ਪਾਵਨ ਥਾਂ ਹੁੰਦੀ ਹੈ-ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 3 ਮਾਰਚ ( ਕਰਨੈਲ ਸਿੰਘ ਐੱਮ.ਏ.) ਸਿੱਖ ਧਰਮ ਪ੍ਰਚਾਰ ਪ੍ਰਸਾਰ ਲਈ ਜੀਵਨਭਰ ਕਾਰਜਸ਼ੀਲ ਰਹਿਣ ਵਾਲੀ ਅਜ਼ੀਮ ਸਿੱਖ ਸ਼ਖਸ਼ੀਅਤ ਸੱਚਖੰਡਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਏ ਜਾਂਦੇ ਹਨ। ਅੱਜ ਦੇ ਸਮਾਗਮ ਦੌਰਾਨ ਸੰਗਤਾਂ ਦੇ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਹਵਾਲੇ ਨਾਲ ਸਮਝਾਇਆ ਕਿ ਸਾਧ ਸੰਗਤ ਕੀਤਿਆਂ ਹਉਂ ਦਾ ਅਭਾਵ ਹੁੰਦਾ ਹੈ ਅਤੇ ਹਉਮੈਂ ਦੀ ਮੈਲ ਹੱਟਦੀ ਦਿਖਾਈ ਦਿੰਦੀ ਹੈ, ਮਾਲਕ "ਵਾਹਿਗੁਰੂ" ਜੀ ਦੀ ਸੋਝੀ ਪੈਂਦੀ ਹੈ, ਇਹ ਧਰਮ ਦੇ ਨਿਰਮਲ ਕਰਮ ਹਨ। ਸਾਧ ਸੰਗਤ ਕਰਨੀ, ਉਸਦੀ ਯਾਦ ਨਾ ਵਿਸਾਰਨੀ, ਬਾਣੀ ਸੁਣਨੀ ਜਾਂ ਪੜ੍ਹਨੀ, ਜਿਸ ਨਾਲ ਉਸਦੇ ਗੁਣ ਗੁਣ ਲੱਗ ਪਈਏ।
ਮਹਾਂਪੁਰਸ਼ਾਂ ਨੇ ਜੋਰ ਦਿੰਦਿਆਂ ਸਮਝਾਇਆ ਕਿ ਸਭ ਤੋਂ ਉੱਚਾ ਧਰਮ ਤੇ ਜੀਵਨ ਜਾਂਚ ਇਹ ਹੈ ਕਿ ਸਿਮਰਨ ਤੇ ਸ਼ੁੱਧ ਆਚਰਨ ਰਾਹੀਂ ਵਾਹਿਗੁਰੂ ਦੀ ਪਾਈ ਹਜ਼ੂਰੀ ਨੂੰ ਸਦਾ ਕਾਇਮ ਰੱਖਣ ਲਈ ਸਿਮਰਨ ਦੀ ਘਾਲ ਕਰੀ ਜਾਈਏ। ਸਭ ਬਾਣੀਆਂ ਵਿੱਚ ਉਹ ਹੀ ਸਦਾ ਰਹਿਣ ਵਾਲੀ ਮਿੱਠੀ ਬਾਣੀ ਹੈ, ਜਿਸ ਨੂੰ ਸੁਣਦਿਆਂ ਹੀ ਰਸਨਾ ਵਾਹਿਗੁਰੂ ਦੇ ਗੁਣ ਗਾਉਣ ਲੱਗ ਜਾਵੇ। ਬਾਬਾ ਜੀ ਨੇ ਗੁਰਬਾਣੀ ਦੇ ਕਈ ਸ਼ਬਦਾਂ ਦੇ ਹਵਾਲੇ ਨਾਲ ਸਮਝਾਇਆ ਕਿ ਸਭ ਥਾਵਾਂ ਤੋਂ ਪਾਵਨ ਥਾਂ ਉਹ ਹਿਰਦਾ ਹੈ, ਜਿੱਥੇ ਵਾਹਿਗੁਰੂ ਜੀ ਦੀ ਹੋਂਦ ਦਾ ਪ੍ਰਕਾਸ਼ ਹੋ ਜਾਂਦਾ ਹੈ।